ਜਸਵੰਤ ਸਿੰਘ ਥਿੰਦ
ਮਮਦੋਟ, 25 ਜੂਨ
ਪੰਜਾਬ ਸਰਕਾਰ ਵੱਲੋਂ ਮੁਫ਼ਤ ਬੱਸ ਸਫਰ ਦੀ ਸਹੂਲਤ ਦੇਣ ਦੇ ਕੀਤੇ ਐਲਾਨ ਤੋਂ ਬਾਅਦ ਔਰਤਾਂ ਨੂੰ ਬੱਸ ਸਫ਼ਰ ਕਰਨ ਵਿੱਚ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਡਰਾਈਵਰ, ਔਰਤਾਂ ਨੂੰ ਦੇਖ ਕੇ ਬੱਸਾਂ ਨਹੀਂ ਰੋਕਦੇ। ਅੱਜ ਫਿਰੋਜ਼ਪੁਰ-ਫਾਜ਼ਿਲਕਾ ਸੜਕ ’ਤੇ ਪੈਂਦੇ ਪਿੰਡ ਲੱਖੋ ਕੇ ਬਹਿਰਾਮ ਵਿੱਚ ਸਵੇਰੇ 9 ਵਜੇ ਤੋਂ ਸਫ਼ਰ ਕਰਨ ਲਈ ਵੀਹ ਤੋਂ ਪੱਚੀ ਔਰਤਾਂ ਬੱਸ ਅੱਡੇ ’ਤੇ ਖੜ੍ਹੀਆਂ ਸਨ ਲੇਕਿਨ ਡਰਾਈਵਰਾਂ ਵੱਲੋਂ ਬੱਸ ਅੱਡੇ ਤੋਂ ਬੱਸਾਂ ਦੋ ਫਰਲਾਂਗ ਪਿੱਛੇ ਜਾ ਅੱਗੇ ਲੰਘਾ ਕੇ ਸਵਾਰੀਆਂ ਨੂੰ ਉਤਾਰ ਕੇ ਬੱਸਾਂ ਭਜਾ ਕੇ ਲੈ ਜਾਂਦੇ ਰਹੇ ਜਿਸ ਕਾਰਨ ਔਰਤਾਂ ਨੇ ਪ੍ਰੇਸ਼ਾਨ ਹੋ ਕੇ ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਮਾਲਵਾ ਜ਼ੋਨ ਦੀ ਪ੍ਰਧਾਨ ਸਰਬਜੀਤ ਕੌਰ ਲੱਖੋ ਕੇ ਬਹਿਰਾਮ ਦੀ ਅਗਵਾਈ ਵਿੱਚ ਸੜਕ ’ਤੇ ਜਾਮ ਲਗਾ ਕੇ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਤੇ ਰੋਡਵੇਜ਼ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਪ੍ਰਧਾਨ ਸਰਬਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਹੈ ਪਰ ਡਰਾਈਵਰ ਬੱਸਾਂ ਨਹੀਂ ਰੋਕਦੇ। ਉਨ੍ਹਾਂ ਕਿਹਾ,‘ਅਸੀਂ ਕਿਰਾਇਆ ਭਰਨ ਲਈ ਵੀ ਤਿਆਰ ਹਾਂ ਪਰ ਬੱਸਾਂ ਅੱਡੇ ’ਤੇ ਰੁਕਣੀਆਂ ਚਾਹੀਦੀਆਂ ਹਨ।’ ਉੱਥੇ ਮੌਜੂਦ ਔਰਤਾਂ ਨੇ ਦੱਸਿਆ ਕਿ ਕਿਸੇ ਨੇ ਮਰਗ ਦੇ ਭੋਗ ’ਤੇ ਜਾਣਾ ਕਿਸੇ ਨੂੰ ਘਰ ਵਿੱਚ ਜ਼ਰੂਰੀ ਕੰਮ ਹੈ ਤੇ ਕਿਸੇ ਨੇ ਸਰਕਾਰੀ ਦਫਤਰ ’ਚ ਆਪਣਾ ਕੰਮ ਕਰਵਾਉਣਾ ਜਾਣਾ ਹੈ ਪਰ ਬੱਸਾਂ ਨਾ ਰੁਕਣ ਕਾਰਨ ਉਨ੍ਹਾਂ ਨੂੰ ਭਾਰੀ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਰੋਡਵੇਜ਼ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਡਰਾਈਵਰਾਂ ਨੂੰ ਸਖ਼ਤੀ ਨਾਲ ਆਦੇਸ਼ ਜਾਰੀ ਕੀਤੇ ਜਾਣ ਤਾਂ ਜੋ ਔਰਤਾਂ ਦਾ ਸਨਮਾਨ ਬਹਾਲ ਹੋ ਸਕੇ। ਔਰਤਾਂ ਨੇ ਕਿਹਾ ਕਿ ਜਦੋਂ ਤਕ ਕੋਈ ਅਧਿਕਾਰੀ ਇੱਥੇ ਆ ਕੇ ਵਿਸ਼ਵਾਸ ਨਹੀਂ ਦੁਆਉਂਦਾ ਉਦੋਂ ਤਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।