ਸੰਜੀਵ ਹਾਂਡਾ
ਫ਼ਿਰੋਜ਼ਪੁਰ,1 ਨਵੰਬਰ
ਫ਼ਿਰੋਜ਼ਪੁਰ ’ਚ ਫ਼ਰਜ਼ੀ ਬੁਢਾਪਾ ਪੈਨਸ਼ਨ ਲੈਣ ਵਾਲੇ ਅੱਠ ਸੌ ਤੋਂ ਵੱਧ ਲਾਭਪਾਤਰੀ ਪਿਛਲੇ ਦੋ ਸਾਲਾਂ ਤੋਂ ਬੇਖੌਫ਼ ਘੁੰਮ ਰਹੇ ਹਨ। ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਲੰਘੇ ਦੋ ਸਾਲਾਂ ਵਿਚ ਸਿਰਫ਼ ਦੋ ਫ਼ਰਜ਼ੀ ਲਾਭਪਾਤਰੀਆਂ ਤੋਂ ਹੀ ਬੁਢਾਪਾ ਪੈਨਸ਼ਨ ਦੀ ਰਿਕਵਰੀ ਕਰਵਾ ਸਕਿਆ ਹੈ। ਨੋਟਿਸ ਜਾਰੀ ਕਰਨ ਤੋਂ ਇਲਾਵਾ ਮਹਿਕਮੇ ਦੇ ਅਧਿਕਾਰੀਆਂ ਨੇ ਅਜੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ। ਮਹਿਕਮੇ ਨੇ ਹੁਣ ਤੱਕ ਜ਼ਿੰਮੇਵਾਰ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ। ਇਸ ਸਰਹੱਦੀ ਜ਼ਿਲ੍ਹੇ ਵਿਚ ਇਸ ਵੇਲੇ 106504 ਲੋਕ ਪੰਜਾਬ ਸਰਕਾਰ ਦੇ ਖਜ਼ਾਨੇ ਵਿਚੋਂ ਪੈਨਸ਼ਨਾਂ ਲੈ ਰਹੇ ਹਨ, ਜਿਨ੍ਹਾਂ ਵਿਚ 77530 ਲੋਕ ਬੁਢਾਪਾ ਪੈਨਸ਼ਨ, 15116 ਔਰਤਾਂ ਵਿਧਵਾ ਪੈਨਸ਼ਨ, 8154 ਵਿਧਵਾ ਔਰਤਾਂ ਦੇ ਬੱਚੇ ਅਤੇ 5704 ਅਪਾਹਿਜ ਲੋਕ ਪੈਨਸ਼ਨ ਲੈ ਰਹੇ ਹਨ। ਸੂਬਾ ਸਰਕਾਰ ਵੱਲੋਂ 750 ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਂਦੀ ਹੈ, ਜਿਨ੍ਹਾਂ ਦੀ ਉਮਰ ਸੱਠ ਸਾਲ ਤੋਂ ਉੱਪਰ ਹੈ ਅਤੇ ਉਨ੍ਹਾਂ ਕੋਲ ਕੋਈ ਜ਼ਮੀਨ ਨਹੀਂ ਹੈ। ਦੋ ਸਾਲ ਪਹਿਲਾਂ ਬੁਢਾਪਾ ਪੈਨਸ਼ਨ ਲੈਣ ਵਾਲਿਆਂ ਦੀ ਪੜਤਾਲ ਕਰਵਾਈ ਗਈ ਤਾਂ ਪਤਾ ਲੱਗਾ ਕਿ 815 ਲੋਕਾਂ ਨੇ ਗਲਤ ਦਸਤਾਵੇਜ਼ ਜਮ੍ਹਾਂ ਕਰਵਾ ਕੇ ਬੁਢਾਪਾ ਪੈਨਸ਼ਨ ਲਗਵਾ ਲਈ ਅਤੇ ਇਸ ਦੌਰਾਨ ਸਰਕਾਰ ਨੂੰ 1,96,53,600 ਰੁਪਏ ਦਾ ਰਗੜਾ ਲਾ ਦਿੱਤਾ। ਮਾਮਲੇ ਦਾ ਖ਼ੁਲਾਸਾ ਹੋਣ ਉਪਰੰਤ ਜੁਲਾਈ 2020 ਵਿਚ ਫ਼ਰਜ਼ੀ ਬੁਢਾਪਾ ਪੈਨਸ਼ਨ ਧਾਰਕਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ ਤੇ ਉਨ੍ਹਾਂ ਨੂੰ ਰਿਕਵਰੀ ਦਾ ਪਹਿਲਾ ਨੋਟਿਸ ਜਾਰੀ ਕੀਤਾ ਗਿਆ। ਫ਼ਰਜ਼ੀ ਪੈਨਸ਼ਨ ਧਾਰਕਾਂ ਨੇ ਇਸ ਦੀ ਕੋਈ ਪਰਵਾਹ ਨਾ ਕੀਤੀ ਤਾਂ ਮਹਿਕਮੇ ਨੇ ਦੂਜਾ ਨੋਟਿਸ ਜਾਰੀ ਕੀਤਾ। ਇਸ ਤੋਂ ਕੁਝ ਚਿਰ ਮਗਰੋਂ ਤੀਜਾ ਨੋਟਿਸ ਵੀ ਜਾਰੀ ਕੀਤਾ ਗਿਆ, ਪਰ ਦੋ ਜਣਿਆਂ ਨੂੰ ਛੱਡ ਕੇ ਕਿਸੇ ’ਤੇ ਕੋਈ ਅਸਰ ਨਾ ਹੋਇਆ। ਜ਼ੀਰਾ ਬਲਾਕ ਦੇ ਸਿਰਫ਼ ਦੋ ਫ਼ਰਜ਼ੀ ਪੈਨਸ਼ਨ ਧਾਰਕਾਂ ਨੇ 21250 ਅਤੇ 17500 ਰੁਪਏ ਵਾਪਸ ਜਮ੍ਹਾਂ ਕਰਵਾ ਦਿੱਤੇ। ਬਾਕੀ ਪੈਨਸ਼ਨ ਧਾਰਕਾਂ ਨੇ ਅਜੇ ਤਕ ਇਹ ਰਾਸ਼ੀ ਜਮ੍ਹਾਂ ਨਹੀਂ ਕਰਵਾਈ ਤੇ ਨਾ ਹੀ ਮਹਿਕਮੇ ਨੇ ਕਿਸੇ ਦੇ ਖ਼ਿਲਾਫ਼ ਕੋਈ ਠੋਸ ਕਾਰਵਾਈ ਹੀ ਕੀਤੀ ਹੈ। ਮਹਿਕਮੇ ਦੇ ਮੁਲਾਜ਼ਮਾਂ ਦਾ ਤਰਕ ਹੈ ਕਿ ਇਥੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦਾ ਅਹੁਦਾ ਲੰਮੇਂ ਸਮੇਂ ਤੋਂ ਖਾਲੀ ਪਿਆ ਹੈ, ਜਿਸ ਕਰਕੇ ਅੱਗੇ ਦੀ ਕਾਰਵਾਈ ਨਹੀਂ ਹੋ ਸਕੀ।
ਕੀ ਕਹਿੰਦੇ ਨੇ ਐੱਸਡੀਐੱਮ
ਐਸਡੀਐਮ ਰਣਜੀਤ ਸਿੰਘ ਦਾ ਕਹਿਣਾ ਸੀ ਕਿ ਫ਼ਰਜ਼ੀ ਦਸਤਾਵੇਜ਼ਾਂ ਦੇ ਅਧਾਰ ’ਤੇ ਸਰਕਾਰ ਕੋਲੋਂ ਪੈਨਸ਼ਨ ਲੈਣ ਵਾਲੇ ਲੋਕਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਉਨ੍ਹਾਂ ਕੋਲੋਂ ਰਿਕਵਰੀ ਕਰਵਾ ਕੇ ਰਕਮ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾਈ ਜਾਵੇਗੀ।