ਜਸਵੰਤ ਜੱਸ
ਫ਼ਰੀਦਕੋਟ, 5 ਅਗਸਤ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਇੱਥੇ ਕੀਤੀ ਗਈ ਪਲੇਠੀ ਵਰਕਰਜ਼ ਮੀਟਿੰਗ ਵਿੱਚੋਂ ਕੈਪਟਨ ਧੜੇ ਦੇ ਕੁਝ ਖ਼ਾਸ ਆਗੂ ਗਾਇਬ ਰਹੇ। ਹਾਲਾਂਕਿ ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਨਵਜੋਤ ਸਿੱਧੂ ਦੀ ਫੇਰੀ ਮੌਕੇ ਫ਼ਰੀਦਕੋਟ ਵਿੱਚ ਪ੍ਰਭਾਵਸ਼ਾਲੀ ਇਕੱਠ ਕੀਤਾ। ਵਰਕਰ ਮੀਟਿੰਗ ਵਿੱਚ ਸੀਵਰੇਜ ਬੋਰਡ ਦੇ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ, ਕੋਟਕਪੂਰਾ ਦੇ ਸੀਨੀਅਰ ਆਗੂ ਲਖਵੰਤ ਸਿੰਘ ਮਹਾਸ਼ਾ ਅਤੇ ਸੰਦੀਪ ਸਿੰਘ ਸੰਨੀ ਬਰਾੜ ਹਾਜ਼ਰ ਨਹੀਂ ਸਨ।
ਕੋਟਕਪੂਰਾ ਤੋਂ ਸੀਨੀਅਰ ਕਾਂਗਰਸੀ ਆਗੂ ਭਾਈ ਹਰਕਿਰਨਪਾਲ ਸਿੰਘ ਕੁੱਕੂ ਵੀ ਇਸ ਮੀਟਿੰਗ ਵਿੱਚ ਨਹੀਂ ਆਏ। ਕੈਪਟਨ ਧੜੇ ਦੇ ਮੰਨੇ ਜਾਂਦੇ ਸੰਸਦ ਮੈਂਬਰ ਮੁਹੰਮਦ ਸਦੀਕ ਵੀ ਇਸ ਮੀਟਿੰਗ ਵਿੱਚ ਨਹੀਂ ਸਨ ਪਰ ਉਨ੍ਹਾਂ ਦੀ ਧੀ ਅਤੇ ਰਿਸ਼ਤੇਦਾਰ ਇਸ ਮੀਟਿੰਗ ਵਿੱਚ ਪੁੱਜੇ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਦੇ ਵਰਕਰਾਂ ਨੂੰ ਹਰ ਮਾਣ-ਸਨਮਾਨ ਮਿਲੇਗਾ। ਉਨ੍ਹਾਂ ਦਾਅਵਾ ਕੀਤਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਪੰਜਾਬ ਵਿੱਚ ਮੁਫ਼ਤ ਬਿਜਲੀ ਦੇ ਐਲਾਨ ਕਰ ਰਹੀਆਂ ਹਨ, ਉਹ ਲੋਕਾਂ ਨਾਲ ਸਿੱਧਾ ਧੋਖਾ ਹੈ। ਉਨ੍ਹਾਂ ਕਿਹਾ ਕਿ ਮੁਫ਼ਤ ਬਿਜਲੀ ਦੇ ਵਾਅਦੇ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੱਸਣ ਕਿ ਪੰਜਾਬ ਸਿਰ ਚੜ੍ਹਿਆ 3 ਲੱਖ ਕਰੋੜ ਦਾ ਕਰਜ਼ਾ ਕਿਵੇਂ ਉਤਰੇਗਾ। ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਇੱਕਜੁਟ ਹੈ ਅਤੇ ਚੋਣਾਂ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ। ਨਵਜੋਤ ਸਿੱਧੂ ਬਜ਼ੁਰਗ ਕਾਂਗਰਸੀ ਆਗੂ ਸੁਰਿੰਦਰ ਕੁਮਾਰ ਗੁਪਤਾ ਦੇ ਘਰ ਵੀ ਗਏ ਅਤੇ ਇਸ ਤੋਂ ਪਹਿਲਾਂ ਟਿੱਲਾ ਬਾਬਾ ਫ਼ਰੀਦ ਵਿਖੇ ਮੱਥਾ ਵੀ ਟੇਕਿਆ।