ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 1 ਜੁਲਾਈ
ਆਧਾਰ ਕਾਰਡ ਠੀਕ ਕਰਨ ਦੇ ਬਹਾਨੇ ਮਸ਼ੀਨ ਉਪਰ ਅੰਗੂਠਾ ਲਗਵਾ ਕੇ ਧੋਖੇ ਨਾਲ ਬੈਂਕ ‘ਚੋਂ 52 ਹਜ਼ਾਰ ਰੁਪਏ ਕਢਵਾਉਣ ਦੇ ਮਾਮਲੇ ‘ਚ ਥਾਣਾ ਸਿਟੀ ਪੁਲੀਸ ਨੇ ਦੋ ਸਕੇ ਭਰਾਵਾਂ ਖਿਲਾਫ਼ ਕੇਸ ਦਰਜ ਕਰਕੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਿੰਡ ਸੰਗੂਧੌਣ ਦੇ ਅਜਮੇਰ ਸਿੰਘ ਨੇ ਪੁਲੀਸ ਨੂੰ ਸੂਚਨਾ ਦਿੱਤੀ ਕਿ ਉਸ ਨੇ ਆਪਣੀ ਪਤਨੀ ਦਾ ਅਧਾਰ ਕਾਰਡ ਠੀਕ ਕਰਾਉਣ ਸਬੰਧੀ ਗੋਨਿਆਣਾ ਰੋਡ ‘ਤੇ ਸਥਿਤ ਵਿਕਰਮ ਕੁਮਾਰ ਉਰਫ਼ ਵਿੱਕੀ ਅਤੇ ਸੰਨੀ ਬੇਟੇ ਮਨੋਹਰ ਲਾਲ ਦੀ ਦੁਕਾਨ ’ਤੇ ਗਿਆ ਤਾਂ ਵਿੱਕੀ ਹੋਰਾਂ ਨੇ ਅਧਾਰ ਕਾਰਡ ਠੀਕ ਕਰਨ ਬਹਾਨੇ ਉਸ ਦਾ ਅਧਾਰ ਕਾਰਡ ਵੀ ਲੈ ਲਿਆ ਅਤੇ ਚੈੱਕ ਕਰਨ ਬਹਾਨੇ ਧੋਖੇ ਨਾਲ ਉਸ ਦਾ ਅੰਗੂਠਾ ਮਸ਼ੀਨ ‘ਤੇ ਲਗਵਾ ਲਿਆ। ਉਸ ਨੇ ਦੱਸਿਆ ਕਿ ਉਸ ਨੂੰ ਵਾਰ-ਵਾਰ ਬੁਲਾ ਕੇ ਉਸ ਦਾ ਧੋਖੇ ਨਾਲ ਮਸ਼ੀਨ ‘ਤੇ ਅੰਗੂਠਾ ਲਗਵਾ ਲੈਂਦੇ ਸੀ। ਉਸ ਨੇ ਦੱਸਿਆ ਕਿ ਉਸ ਤੋਂ ਬਾਅਦ ਇਨ੍ਹਾਂ ਨੇ ਉਸ ਦੇ ਐਸਬੀਆਈ ਬੈਂਕ ਖਾਤੇ ਵਿੱਚੋਂ ਦੋ ਹਜ਼ਾਰ ਅਤੇ ਫਿਰ ਦਸ-ਦਸ ਹਜ਼ਾਰ ਕਰਕੇ ਧੋਖੇ ਨਾਲ 52 ਹਜ਼ਾਰ ਰੁਪਏ ਕੱਢਵਾ ਲਏ। ਥਾਣਾ ਸਿਟੀ ਮੁਕਤਸਰ ਪੁਲੀਸ ਨੇ ਜਾਂਚ ਉਪਰੰਤ ਕਾਰਵਾਈ ਕਰਦਿਆਂ ਵਿਕਰਮ ਕੁਮਾਰ ਉਰਫ਼ ਵਿੱਕੀ ਤੇ ਉਸ ਦੇ ਭਰਾ ਸੰਨੀ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੋਤਰੀ ਦੇ ਦਾਜ ਲਈ ਲਿਆਂਦੀ ਰਕਮ ਲੁਟੇਰੇ ਖੋਹ ਕੇ ਫ਼ਰਾਰ
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਇਤਿਹਾਸਕ ਗੁਰਦੁਆਰਾ ਜਾਮਨੀ ਸਾਹਿਬ ਦੇ ਮੁੱਖ ਗੇਟ ਦੇ ਅੱਗੋਂ ਕੱਲ੍ਹ ਮੋਟਰਸਾਈਕਲ ਸਵਾਰ ਦੋ ਲੁਟੇਰੇ ਇੱਕ ਬਜ਼ੁਰਗ ਕੋਲੋਂ ਇੱਕ ਲੱਖ ਰੁਪਏ ਤੋਂ ਵੱਧ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ। ਲੁਟੇਰਿਆਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ। ਮਲਵਾਲ ਨਿਵਾਸੀ ਸਤਵਿੰਦਰ ਸਿੰਘ (60) ਨੇ ਆਪਣੀ ਪੋਤੀ ਦੇ ਵਿਆਹ ਲਈ ਦਾਜ ਖਰੀਦਣ ਵਾਸਤੇ ਆਪਣੇ ਦੋਸਤ ਕੋਲੋਂ ਡੇਢ ਲੱਖ ਰੁਪਏ ਉਧਾਰ ਫੜੇ ਸਨ। ਇਹ ਰਕਮ ਲੈ ਕੇ ਉਹ ਆਪਣੇ ਘਰ ਪਰਤ ਰਹੇ ਸਨ। ਇਸ ਬਜ਼ੁਰਗ ਨੇ ਸਾਰੀ ਰਕਮ ਆਪਣੇ ਕੁੜਤੇ ਦੀਆਂ ਦੋਵੇਂ ਜੇਬਾਂ ਵਿਚ ਪਾਈ ਹੋਈ ਸੀ। ਜਦੋਂ ਉਹ ਗੁਰਦੁਆਰੇ ਦੇ ਮੁੱਖ ਗੇਟ ਸਾਹਮਣੇ ਪੁੱਜਾ ਤਾਂ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਉਸ ਦੀ ਜੇਬ ਨੂੰ ਝਪਟ ਮਾਰ ਕੇ ਉਸ ਦਾ ਪਰਸ ਤੇ ਕਰੀਬ ਇੱਕ ਲੱਖ ਰੁਪਏ ਨਕਦ ਕੱਢ ਕੇ ਫ਼ਰਾਰ ਹੋ ਗਏ। ਪਰਸ ਵਿਚ ਸਤਾਰਾਂ ਸੌ ਰੁਪਏ ਤੇ ਹੋਰ ਜ਼ਰੂਰੀ ਕਾਗਜ਼ਾਤ ਸਨ। ਥਾਣਾ ਕੁਲਗੜੀ ਪੁਲੀਸ ਵੱਲੋਂ ਪਰਚਾ ਦਰਜ ਕਰਕੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।