ਸੰਜੀਵ ਹਾਂਡਾ
ਫ਼ਿਰੋਜ਼ਪੁਰ, 23 ਸਤੰਬਰ
ਕਾਰਗਿਲ ਜੰਗ ’ਚ ਸ਼ਹੀਦ ਹੋਏ ਕੋਟ ਈਸੇ ਖਾਂ ਦੇ ਜਵਾਨ ਸੁਖਵਿੰਦਰ ਸਿੰਘ ਦੇ ਪਰਿਵਾਰ ਨਾਲ 42 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਮੱਲਾਂਵਾਲਾ ਪੁਲੀਸ ਨੇ ਮੁਕਤਸਰ ਦੀ ਰਹਿਣ ਵਾਲੀ ਰਮਨਦੀਪ ਕੌਰ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਹੈ। ਇਹ ਕੇਸ ਸੁਖਵਿੰਦਰ ਸਿੰਘ ਦੇ ਭਰਾ ਗੁਰਭੇਜ ਸਿੰਘ ਦੀ ਸ਼ਿਕਾਇਤ ਮਗਰੋਂ ਹੋਈ ਪੜਤਾਲ ਉਪਰੰਤ ਦਰਜ ਕੀਤਾ ਗਿਆ ਹੈ।
ਡੀਜੀਪੀ ਨੂੰ ਭੇਜੀ ਸ਼ਿਕਾਇਤ ਵਿੱਚ ਗੁਰਭੇਜ ਸਿੰਘ ਨੇ ਦੱਸਿਆ ਸੀ ਕਿ ਸਾਲ 1999 ਵਿਚ ਉਸ ਦਾ ਭਰਾ ਸੁਖਵਿੰਦਰ ਸਿੰਘ ਕਾਰਗਿਲ ਵਿਚ ਸ਼ਹੀਦ ਹੋ ਗਿਆ ਸੀ। ਕੇਂਦਰ ਸਰਕਾਰ ਨੇ 2001 ਵਿੱਚ ਉਸ ਦੇ ਪਰਿਵਾਰ ਨੂੰ ਸ਼ਹੀਦੀ ਕੋਟੇ ਵਿਚ ਮੱਲਾਂਵਾਲਾ ਵਿੱਚ ਇੰਡੀਅਨ ਆਇਲ ਕੰਪਨੀ ਦਾ ਪੈਟਰੋਲ ਪੰਪ ਅਲਾਟ ਕੀਤਾ ਸੀ। ਸਾਲ 2014 ਵਿੱਚ ਪਿਤਾ ਦੀ ਮੌਤ ਹੋ ਗਈ ਤੇ ਇਹ ਪੰਪ ਉਸ ਦੀ ਮਾਤਾ ਦੇ ਨਾਂ ਟਰਾਂਸਫ਼ਰ ਹੋ ਗਿਆ। ਪਰਿਵਾਰ ਨੇ ਸਾਲ 2018 ਵਿੱਚ ਮੁਕਤਸਰ ਦੇ ਪਿੰਡ ਕਵਰ ਵਾਲਾ ਦੀ ਰਹਿਣ ਵਾਲੀ ਰਮਨਦੀਪ ਕੌਰ ਨੂੰ ਇਸ ਪੰਪ ਵਿੱਚ 49 ਪ੍ਰਤੀਸ਼ਤ ਦੀ ਹਿੱਸੇਦਾਰ ਬਣਾ ਲਿਆ। ਸਾਲ 2021 ਵਿਚ ਸ਼ਹੀਦ ਦੇ ਪਰਿਵਾਰ ਦੀ ਰਮਨਦੀਪ ਨਾਲ ਕਿਸੇ ਗੱਲੋਂ ਨਾਰਾਜ਼ਗੀ ਹੋ ਗਈ ਤੇ ਸੁਖਵਿੰਦਰ ਦੀ ਮਾਤਾ ਨੇ ਕੰਪਨੀ ਨੂੰ ਚਿੱਠੀ ਲਿਖ ਕੇ ਤੇਲ ਦੀ ਸਪਲਾਈ ਬੰਦ ਕਰਨ ਦੀ ਅਪੀਲ ਕੀਤੀ। ਇਸ ਬਾਬਤ ਬੈਂਕ ਵਾਲਿਆਂ ਨੂੰ ਵੀ ਪੰਪ ਦੇ ਖਾਤੇ ਵਿਚੋਂ ਲੈਣ-ਦੇਣ ਕਰਨ ’ਤੇ ਰੋਕ ਲਾਉਣ ਦੀ ਦਰਖ਼ਾਸਤ ਦਿੱਤੀ ਗਈ।
ਗੁਰਭੇਜ ਸਿੰਘ ਨੇ ਦੱਸਿਆ ਕਿ ਤੇਲ ਕੰਪਨੀ ਨੂੰ ਚਿੱਠੀ ਭੇਜਣ ਦੇ ਬਾਵਜੂਦ ਰਮਨਦੀਪ ਕੌਰ ਨੇ ਤੇਲ ਕੰਪਨੀ ਤੋਂ 70 ਲੱਖ ਰੁਪਏ ਦਾ ਤੇਲ ਮੰਗਵਾ ਲਿਆ ਜਿਸ ਵਿਚੋਂ ਕਰੀਬ 24 ਲੱਖ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ। ਹੁਣ ਕੰਪਨੀ ਵੱਲ 46 ਲੱਖ 65 ਹਜ਼ਾਰ 830 ਰੁਪਏ ਦੀ ਰਕਮ ਬਕਾਇਆ ਹੈ। ਇਸ ਰਕਮ ਦੀ ਅਦਾਇਗੀ ਨਾ ਹੋਣ ’ਤੇ ਕੰਪਨੀ ਨੇ ਤੇਲ ਭੇਜਣਾ ਬੰਦ ਕਰ ਦਿੱਤਾ ਤੇ ਪੰਪ ’ਤੇ ਕਬਜ਼ਾ ਲੈ ਲਿਆ। ਗੁਰਭੇਜ ਨੇ ਦੱਸਿਆ ਕਿ ਉਨ੍ਹਾਂ ਦੀ ਕੋਠੀ ਵੀ ਬੈਂਕ ਕੋਲ ਗਹਿਣੇ ਪਈ ਹੋਈ ਹੈ।
ਔਰਤ ਨੂੰ ਗ੍ਰਿਫਤਾਰ ਕਰਨ ਮਗਰੋਂ ਕੀਤਾ ਰਿਹਾਅ
ਸ਼ਿਕਾਇਤਕਰਤਾ ਗੁਰਭੇਜ ਸਿੰਘ ਨੇ ਦੱਸਿਆ ਕਿ ਮੁਕੱਦਮਾ ਦਰਜ ਹੋਣ ਮਗਰੋਂ ਅੱਜ ਪੁਲੀਸ ਨੇ ਰਮਨਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਕੁਝ ਚਿਰ ਪਿੱਛੋਂ ਉਸ ਨੂੰ ਛੱਡ ਦਿੱਤਾ ਗਿਆ। ਇਸ ਮਾਮਲੇ ’ਚ ਪੁਲੀਸ ਦਾ ਕਹਿਣਾ ਸੀ ਕਿ ਧੋਖਾਧੜੀ ਦੇ ਕੇਸ ਵਿੱਚ ਗ੍ਰਿਫ਼ਤਾਰੀ ਤੋਂ ਪਹਿਲਾਂ ਮੁਲਜ਼ਮ ਨੂੰ ਨੋਟਿਸ ਦੇਣਾ ਜ਼ਰੂਰੀ ਹੁੰਦਾ ਹੈ।