ਨਿੱਜੀ ਪੱਤਰ ਪ੍ਰੇਰਕ
ਮੋਗਾ, 13 ਸਤੰਬਰ
ਥਾਣਾ ਐੱਨਆਰਆਈ ਦੀ ਪੁਲੀਸ ਨੇ ਲੁਧਿਆਣਾ ਮਾਡਲ ਟਾਊਨ ਵਿੱਚ ਯੂਰਪ ਸਟੱਡੀ ਸੈਂਟਰ ਲੁਧਿਆਣਾ ਦੇ ਐੱਮਡੀ, ਮੈਨੇਜਰ ਤੇ ਸਹਾਇਕ ਮੈਨੇਜਰ ਖ਼ਿਲਾਫ਼ ਮੋਗਾ ਦੀ ਇੱਕ ਮੁਟਿਆਰ ਦੀ ਸ਼ਿਕਾਇਤ ’ਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਸਟੱਡੀ ਵੀਜ਼ਾ ਦੇ ਨਾਂ ’ਤੇ ਠੱਗੀ ਮਾਰਨ ਦਾ ਦੋਸ਼ ਲਗਾਇਆ ਹੈ।
ਐੱਸਐੱਚਓ ਮਨਜੀਤ ਸਿੰਘ ਤੇ ਜਾਂਚ ਅਧਿਕਾਰੀ ਏਐੱਸਆਈ ਹਰਵਿੰਦਰ ਸਿੰਘ ਨੇ ਦੱਸਿਆ ਕਿ ਮੂਲ ਰੂਪ ਤੋਂ ਪਿੰਡ ਕਾਲੀਏਵਾਲਾ (ਮੋਗਾ) ਦੀ ਯੂਕਰੈਨ ਰਹਿੰਦੀ ਜਸਪ੍ਰੀਤ ਕੌਰ ਨੇ ਏਡੀਜੀਪੀ ਪਰਵਾਸੀ ਭਾਰਤੀ ਵਿੰਗ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਸੀ ਜਿਸ ਦੇ ਆਧਾਰ ’ਤੇ ਮੁੱਢਲੀ ਪੜਤਾਲ ਕਰਨ ਤੋਂ ਬਾਅਦ ਯੂਰਪ ਸਟੱਡੀ ਸੈਂਟਰ ਮਾਡਲ ਟਾਊਨ, ਲੁਧਿਆਣਾ ਦੇ ਮੈਨੇਜਿੰਗ ਡਾਇਰੈਕਟਰ ਅਮਨਦੀਪ ਸਿੰਘ, ਮੈਨੇਜਰ ਹਰਪ੍ਰੀਤ ਸਿੰਘ ਤੇ ਸਹਾਇਕ ਮੈਨੇਜਰ ਰਾਜਬੀਰ ਸਿੰਘ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਜਸਪ੍ਰੀਤ ਕੌਰ ਨੇ ਆਪਣੇ ਇੱਕ ਜਾਣੂ ਵਕੀਲ ਰਾਹੀਂ ਉਕਤ ਸੈਂਟਰ ’ਚ ਸਟੱਡੀ ਵੀਜ਼ਾ ਲਗਵਾਉਣ ਬਾਰੇ ਗੱਲਬਾਤ ਕੀਤੀ ਸੀ। 8 ਦਸੰਬਰ 2018 ਨੂੰ ਉਸ ਨੇ ਸੈਂਟਰ ਦੇ ਮਾਲਕ ਨੂੰ 4.50 ਲੱਖ ਰੁਪਏ ਚੈੱਕ ਰਾਹੀਂ ਅਤੇ 10 ਹਜ਼ਾਰ ਰੁਪਏ ਨਕਦ ਦਿੱਤੇ ਸਨ ਪਰ ਨਾ ਤਾਂ ਸੈਂਟਰ ਦੇ ਮਾਲਕ ਨੇ ਉਸ ਕੋਲੋਂ ਲਈ ਰਾਸ਼ੀ ਵਾਪਸ ਕੀਤੀ ਤੇ ਨਾ ਹੀ ਵੀਜ਼ਾ ਲਗਵਾ ਕੇ ਦਿੱਤਾ। ਸ਼ਿਕਾਇਤ ਦੀ ਮੁੱਢਲੀ ਪੜਤਾਲ ਦੌਰਾਨ ਮੁਲਜ਼ਮ ਮੈਨੇਜਰ ਹਰਪ੍ਰੀਤ ਸਿੰਘ ਲਿਖਤੀ ਬਿਆਨ ’ਚ ਮੰਨਿਆ ਕਿ ਸ਼ਿਕਾਇਤਕਰਤਾ ਕੋਲੋਂ ਚੈੱਕ ਰਾਹੀਂ ਵਸੂਲੀ ਫ਼ੀਸ ਸੈਂਟਰ ਦੇ ਖਾਤੇ ਵਿੱਚ ਜਮ੍ਹਾਂ ਹੋਈ ਹੈ।