ਲਖਵੀਰ ਸਿੰਘ ਚੀਮਾ
ਟੱਲੇਵਾਲ, 27 ਜੂਨ
ਤਿੰਨ ਪਿੰਡਾਂ ਦੇ ਕਿਸਾਨਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਸਬੰਧੀ ਮੁਲਜ਼ਮ ਆੜ੍ਹਤੀਏ ਭਰਾਵਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੀੜਤ ਕਿਸਾਨਾਂ ਵੱਲੋਂ ਸ਼ਨਿੱਚਰਵਾਰ ਨੂੰ ਥਾਣੇ ਦਾ ਘਿਰਾਓ ਕਰਕੇ ਧਰਨਾ ਲਗਾਇਆ ਜਾਣਾ ਸੀ ਜਿਸ ਨੂੰ ਥਾਣੇ ਦੀ ਐੱਸਐੱਚਓ ਦੇ ਭਰੋਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਆਗੂ ਲਖਵੀਰ ਸਿੰਘ ਦੁੱਲਮਸਰ, ਪੀੜਤ ਕਿਸਾਨ ਅੰਮ੍ਰਿਤਪਾਲ ਸਿੰਘ, ਲਾਲ ਸਿੰਘ ਅਤੇ ਨਾਹਰ ਸਿੰਘ ਨੇ ਕਿਹਾ ਕਿ ਪਿੰਡ ਟੱਲੇਵਾਲ, ਰਾਮਗੜ੍ਹ ਅਤੇ ਮੱਝੂਕੇ ਕਿਸਾਨਾਂ ਨਾਲ ਟੱਲੇਵਾਲ ਦੇ ਤਿੰਨ ਆੜ੍ਹਤੀਏ ਭਰਾਵਾਂ ਵੱਲੋਂ ਕਰੋੜਾਂ ਰੁਪਏ ਦੀ ਠੱਗੀ ਮਾਰੀ ਗਈ ਹੈ ਜਿਨ੍ਹਾਂ ‘ਤੇ 420 ਦਾ ਪਰਚਾ ਦਰਜ ਹੋ ਗਿਆ ਹੈ ਪਰ ਅਜੇ ਤੱਕ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ। ਇਸ ਨੂੰ ਲੈ ਕੇ ਅੱਜ ਥਾਣੇ ਦਾ ਘਿਰਾਉ ਕਰਕੇ ਧਰਨਾ ਲਗਾਇਆ ਜਾਣਾ ਸੀ ਪਰ ਥਾਣੇ ਦੀ ਐੱਸਐੱਚਓ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਦੋ ਦਿਨ ਦਾ ਹੋਰ ਸਮਾਂ ਮੰਗਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁਲਜ਼ਮਾਂ ਨੂੰ ਦੋ ਦਿਨਾਂ ‘ਚ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਆਪਣਾ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਕਿਸਾਨ ਸਰਬਜੀਤ ਸਿੰਘ, ਲਾਲ ਸਿੰਘ, ਕੌਰ ਸਿੰਘ, ਮਨੋਹਰ ਲਾਲ, ਪਿਰਥੀ ਸਿੰਘ, ਅਜੈਬ ਸਿੰਘ, ਜਗਰਾਜ ਸਿੰਘ ਆਦਿ ਵੀ ਹਾਜ਼ਰ ਸਨ। ਇਸ ਸਬੰਧੀ ਐੱਸਐੱਚਓ ਅਮਨਦੀਪ ਕੌਰ ਨੇ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਜਲਦ ਇਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।