ਖੇਤਰੀ ਪ੍ਰਤੀਨਿਧ
ਬਰਨਾਲਾ, 5 ਅਗਸਤ
ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ 47 ਦਿਨਾਂ ਤੋਂ ਸੂਬਾਈ ਸੱਦੇ ਤਹਿਤ ਸਥਾਨਕ ਜ਼ਿਲ੍ਹਾ ਪਰਿਸ਼ਦ ਦਫ਼ਤਰ ਅੱਗੇ ਡਟੇ ਰੂਰਲ ਫਾਰਮੇਸੀ ਅਫ਼ਸਰ ਤੇ ਦਰਜਾ ਚਾਰ ਕਾਮੇ ਸੁਣਵਾਈ ਨਾ ਹੋਣ ਕਾਰਨ ਸਰਕਾਰੀ ਲਾਰਿਆਂ ਤੋਂ ਡਾਢੇ ਖਫ਼ਾ ਹਨ। ਰੂਰਲ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਰਜੇਸ਼ ਕੁਮਾਰ ਤੇ ਦਰਜਾ ਚਾਰ ਪ੍ਰਧਾਨ ਸ਼ਰਨਜੀਤ ਕੌਰ ਨੇ ਕਿਹਾ ਕਿ ਪੂਰੀਆਂ ਯੋਗਤਾਵਾਂ ਦੇ ਨਾਲ 15 ਸਾਲਾਂ ਤੋਂ ਠੇਕੇ ‘ਤੇ ਕੰਮ ਕਰਨ ਦੇ ਬਾਵਜੂਦ ਸਰਕਾਰ ਉਨ੍ਹਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਨਹੀਂ ਕਰ ਰਹੀ।
ਉਨ੍ਹਾਂ ਕਿਹਾ ਕਿ ਜਿਸ ਦੇ ਸਿੱਟੇ ਵਜੋਂ ਉਹ ਫੈਸਲਾਕੁਨ ਸੰਘਰਸ਼ ਹਿੱਤ ਡਟੇ ਹਨ। ਦੱਸਣਯੋਗ ਹੈ ਕਿ ਅਣਗੌਲੇ ਕੀਤੇ ਜਾਣ ਤੋਂ ਦੁਖੀ ਮੁਲਾਜ਼ਮਾਂ ਨੇ ਹੁਣ 10 ਅਗਸਤ ਨੂੰ ਪੰਚਾਇਤ ਮੰਤਰੀ ਦੀ ਕਾਦੀਆਂ ਰਿਹਾਇਸ਼ ਦੇ ਘਿਰਾਓ ਅਤੇ 15 ਅਗਸਤ ਨੂੰ ਗੁਰਦਾਸਪੁਰ ਵਿੱਚ ਮੰਤਰੀ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਮੌਕੇ ਉਸੇ ਸ਼ਹਿਰ ਵਿੱਚ ਕਾਲੀਆਂ ਝੰਡੀਆਂ ਨਾਲ ਫਲੈਗ ਮਾਰਚ ਦਾ ਪ੍ਰੋਗਰਾਮ ਉਲੀਕਿਆ ਹੈ। ਇਸ ਮੌਕੇ ਧਰਨੇ ਵਿੱਚ ਵਰਿੰਦਰ ਬਚਨ, ਇਕਬਾਲ ਸਿੰਘ, ਤੇਜਿੰਦਰ ਸਿੰਘ, ਬਲਦੇਵ ਕੌਰ, ਕ੍ਰਿਸ਼ਨਾ ਦੇਵੀ ਤੇ ਹਰਬੰਸ ਕੌਰ ਸਣੇ ਹੋਰ ਕਈ ਆਗੂ ਸ਼ਾਮਲ ਸਨ।