ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਅਗਸਤ
ਮੋਗਾ-ਬਰਨਾਲਾ ਐੱਨਐੱਚ 703 ਚਾਰ ਮਾਰਗੀ ਪ੍ਰਾਜੈਕਟ ਤਹਿਤ ਪਿੰਡ ਮਾਛੀਕੇ ’ਚੋਂ ਲੰਘਦੇ ਸਾਲ 2016 ਤੋਂ ਅਧੂਰੇ ਪਏ ਕਰੀਬ ਡੇਢ ਕਿਲੋਮੀਟਰ ਦੇ ਟੋਟੇ ਦੇ ਮੁਆਵਜ਼ੇ ਲਈ ਪੀੜਤ ਕਿਸਾਨਾਂ ਨੇ ਅੱਜ ਡਿਪਟੀ ਕਮਿਸ਼ਨਰ ਮੋਗਾ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਆਖਿਆ ਕਿ ਉਹ ਐਕੁਆਇਰ ਜ਼ਮੀਨ ਦਾ ਮੁਆਵਜ਼ਾ ਮਿਲਣ ਉੱਤੇ ਹੀ ਉਸਾਰੀ ਦਾ ਕੰਮ ਚੱਲਣ ਦੇਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਨਗੇ।
ਪੀੜਤ ਕਿਸਾਨ ਸਰਬਜੀਤ ਸਿੰਘ, ਸ਼ਵਿੰਦਰ ਸਿੰਘ, ਬੇਅੰਤ ਸਿੰਘ, ਜਗਸੀਰ ਸਿੰਘ, ਬਲਵਿੰਦਰ ਕੌਰ, ਪਵਿੱਤਰ ਕੌਰ ਨੇ ਕਿਹਾ ਕਿ ਮਈ 2016 ’ਚ ਨਿਹਾਲ ਸਿੰਘ ਵਾਲਾ ਦੀ ਤਤਕਾਲੀ ਐੱਸਡੀਐੱਮ ਨੇ ਚੈੱਕ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ ਪਰ ਉਨ੍ਹਾਂ ਦਾ ਤਬਾਦਲਾ ਹੋਣ ਮਗਰੋਂ ਮਾਮਲਾ ਲਟਕਿਆ ਹੋਇਆ ਹੈ। ਪਿੰਡ ਮਾਛੀਕੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਸੁਖਦੇਵ ਸਿੰਘ ਕੋਕਰੀ, ਝੰਡਾ ਸਿੰਘ ਜੇਠੂਕੇ, ਗੁਰਚਰਨ ਸਿੰਘ ਰਾਮਾ, ਅਮਰਜੀਤ ਸਿੰਘ ਸੈਦੋਕੇ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਕਿ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ ਲਈ 2 ਸਤੰਬਰ ਤੋਂ ਐੱਸਡੀਐੱਮ ਦਫ਼ਤਰ ਨਿਹਾਲ ਸਿੰਘ ਵਾਲਾ ਵਿੱਚ ਦਿਨ-ਰਾਤ ਦਾ ਪੱਕਾ ਧਰਨਾ ਲਾਇਆ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਾਲਾਇਕੀ ਕਾਰਨ ਪਿੰਡ ਮਾਛੀਕੇ ਵਿੱਚ ਲੰਮੇ ਸਮੇਂ ਤੋਂ ਅਧੂਰਾ ਪ੍ਰਾਜੈਕਟ ਹੋਣ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਮੀਟਿੰਗ ਵਿੱਚ ਜੰਗੀਰ ਸਿੰਘ, ਬੂਟਾ ਸਿੰਘ, ਕਾਕਾ ਸਿੰਘ, ਕੁਲਦੀਪ ਸਿੰਘ, ਇੰਦਰਮੋਹਨ ਪੱਤੋ ਨੇ ਸ਼ਮੂਲੀਅਤ ਕੀਤੀ।