ਨਿੱਜੀ ਪੱਤਰ ਪ੍ਰੇਰਕ
ਮੋਗਾ, 13 ਮਈ
ਇੱਥੇ ਧਰਮਕੋਟ ਸਬ ਡਿਵੀਜ਼ਨ ਅਧੀਨ ਪੈਂਦੇ ਪਿੰਡ ਰੇੜਵਾਂ ਵਿੱਚ ਮਾਈਨਿੰਗ ਵਿਭਾਗ ਨੇ ਅੱਧੀ ਰਾਤ ਨੂੰ ਛਾਪਾ ਮਾਰ ਕੇ ਨਾਜਾਇਜ਼ ਖਣਨ ਵਿੱਚ ਲੱਗੀਆਂ ਚਾਰ ਟਰੈਕਟਰ-ਟਰਾਲੀਆਂ ਜ਼ਬਤ ਕੀਤੀਆਂ ਗਈਆਂ, ਜਦੋਂ ਕਿ ਮੁਲਜ਼ਮ ਫ਼ਰਾਰ ਹੋ ਗਏ।
ਡੀਐੱਸਪੀ ਧਰਮਕੋਟ ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਉਪ ਮੰਡਲ ਅਫ਼ਸਰ-ਕਮ-ਸਹਾਇਕ ਜ਼ਿਲ੍ਹਾ ਮਾਈਨਿੰਗ ਅਫ਼ਸਰ ਜਲ ਨਿਕਾਸ, ਮੋਗਾ ਦੀ ਸ਼ਿਕਾਇਤ ਉੱਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਨਾਜਾਇਜ਼ ਖਣਨ ਦੋਸ਼ ਹੇਠ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਖਣਨ ਅਧਿਕਾਰੀ ਗੁਰਸਿਮਰਨ ਸਿੰਘ ਗਿੱਲ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਵਿਭਾਗ ਦੇ ਅਮਲੇ ਨੇ ਕਮਾਲਕੇ ਚੌਕੀ ਦੀ ਪੁਲੀਸ ਨੂੰ ਨਾਲ ਲੈ ਕੇ ਪਿੰਡ ਰੇੜਵਾਂ ਵਿੱਚ ਲੰਘੀ ਰਾਤ ਛਾਪਾ ਮਾਰਿਆ। ਇਸ ਦੌਰਾਨ ਖਣਨ ਮਾਫ਼ੀਆ ਨਾਲ ਜੁੜੇ ਲੋਕ ਹਨੇਰੇ ਦਾ ਫ਼ਾਇਦਾ ਉਠਾ ਕੇ ਫ਼ਰਾਰ ਹੋ ਗਏ ਜਦਕਿ ਮੌਕੇ ਤੋਂ ਰੇਤੇ ਦੀਆਂ ਭਰੀਆਂ ਤਿੰਨ ਟਰਾਲੀਆਂ ਤੇ ਇੱਕ ਖਾਲੀ ਟਰਾਲੀ ਜ਼ਬਤ ਕਰ ਕੇ ਪੁਲੀਸ ਹਵਾਲੇ ਕਰ ਦਿੱਤੀ ਗਈ।