ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਮੁਕਤਸਰ ਵਿੱਚ ਇੱਕ ਵਪਾਰੀ ਨੂੰ ਕਾਪਿਆਂ ਨਾਲ ਜ਼ਖਮੀ ਕਰ ਕੇ ਕਰੀਬ ਦੋ ਲੱਖ ਰੁਪਏ ਦੀ ਲੁੱਟ ਕਰਨ ਦੇ ਦੋਸ਼ ਹੇਠ ਪੁਲੀਸ ਨੇ ਚਾਰ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 1 ਲੱਖ 28 ਹਜ਼ਾਰ 400 ਰੁਪਏ ਬਰਾਮਦ ਕਰ ਲਏ ਹਨ| ਪੜਤਾਲ ਦੌਰਾਨ ਕਥਿਤ ਦੋਸ਼ੀਆਂ ਕੋਲੋਂ 11 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਹੈ| ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਡੀਐੱਸਪੀ ਅਮਰਜੀਤ ਸਿੰਘ ਨੇ ਦੱਸਿਆ ਕਿ ਬਠਿੰਡਾ ਦਾ ਵਪਾਰੀ ਹਰਤੇਸ਼ ਕੁਮਾਰ ਮਿਰਚ-ਮਸਾਲੇ ਤੇ ਝਾੜੂਆਂ ਦੀ ਉਗਰਾਹੀ ਕਰ ਕੇ 11 ਜੂਨ ਨੂੰ ਮੁਕਤਸਰ ਤੋਂ ਬਠਿੰਡਾ ਜਾਣ ਲਈ ਆਟੋ-ਰਿਕਸ਼ਾ ਵਿੱਚ ਬੈਠਕੇ ਬੱਸ ਅੱਡੇ ਵੱਲ ਜਾ ਰਿਹਾ ਸੀ, ਜਿਸ ਉਪਰ ਤਿੰਨ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਕਾਪਿਆਂ ਨਾਲ ਹਮਲਾ ਕਰ ਦਿੱਤਾ| ਇਸ ਹਮਲੇ ’ਚ ਵਪਾਰੀ ਕਾਫੀ ਜ਼ਖਮੀ ਹੋ ਗਿਆ ਜਿਸ ਵੱਲੋਂ ਦਿੱਤੇ ਬਿਆਨਾਂ ’ਤੇ ਪੁਲੀਸ ਨੇ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕੀਤੀ। ਇਸ ਦੌਰਾਨ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੋਟਰਸਾਈਕਲ ਚਾਲਕ ਦੀ ਪਛਾਣ ਸੁਖਵਿੰਦਰ ਸਿੰਘ ਵਾਸੀ ਭੁੱਲਰ ਕਲੋਨੀ ਵਜੋਂ ਹੋਈ ਤੇ ਬਾਅਦ ਵਿੱਚ ਉਸਦੇ ਸਾਥੀ ਗੁਰਸੇਵਕ ਸਿੰਘ ਭੁੱਲਰ ਕਲੋਨੀ ਤੇ ਮਨਜੀਤ ਸਿੰਘ ਉਰਫ ਚਿੜੀ ਬਾਬਾ ਪਿੰਡ ਚੌਂਤਰਾ ਵੀ ਫੜੇ ਗਏ| ਇਨ੍ਹਾਂ ਨੂੰ ਪਨਾਹ ਦੇਣ ਦੇ ਦੋਸ਼ ਹੇਠ ਭੁੱਲਰ ਕਲੋਨੀ ਦੇ ਰਾਜ ਕੁਮਾਰ ਵੀ ਕਾਬੂ ਕੀਤਾ ਗਿਆ ਹੈ| ਡੀ ਐੱਸ ਪੀ ਨੇ ਦੱਸਿਆ ਕਿ ਪੜਤਾਲ ਦੌਰਾਨ ਹੋਰ ਅਹਿਮ ਇੰਕਸ਼ਾਫ ਹੋਣ ਦੀ ਉਮੀਦ ਹੈ|