ਪੱਤਰ ਪ੍ਰੇਰਕ
ਮੋਗਾ, 9 ਸਤੰਬਰ
ਪਿੰਡ ਬਹੋਨਾਂ ਦੇ ਮਨਰੇਗਾ ਕਾਮਿਆਂ ਦਾ ਮਿਹਨਤਾਨਾ ਦਿਵਾਉਣ ਲਈ ਮਹੀਨੇ ਭਰ ਤੋਂ ਨੰਗੇ ਪੈਰ ਲੜਾਈ ਲੜ ਰਿਹਾ ਪਿੰਡ ਬਹੋਨਾ ਦਾ ਸਾਬਕਾ ਸਰਪੰਚ ਹਰਭਜਨ ਸਿੰਘ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿੱਚ ਮਰਨ ਵਰਤ ਉੱਪਰ ਬੈਠ ਗਿਆ ਸੀ। ਅੱਜ ਦੂਜੇ ਦਿਨ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਸ ਦੀਆਂ ਮੰਗਾਂ ਮੰਨ ਕੇ ਮਰਨ ਵਰਤ ਖੁੱਲ੍ਹਵਾਇਆ। ਸਾਬਕਾ ਸਰਪੰਚ ਹਰਭਜਨ ਸਿੰਘ ਨੇ ਦੱਸਿਆ ਕਿ ਬੀਡੀਪੀਓ, ਏਡੀਸੀ ਆਦਿ ਸਬੰਧਤ ਅਧਿਕਾਰੀਆਂ ਨੂੰ ਕਈ ਵਾਰ ਮਿਲ ਚੁੱਕਾ ਹੈ ਪਰ ਅਧਿਕਾਰੀਆਂ ਨੇ ਬਹਾਨੇ, ਲਾਰਿਆਂ ਅਤੇ ਮਜ਼ਾਕ ਤੋਂ ਬਿਨਾਂ ਉਸ ਦੇ ਪੱਲੇ ਕੁੱਝ ਨਹੀਂ ਪਾਇਆ, ਜਿਸ ਤੋਂ ਤੰਗ ਹੋ ਕੇ ਮਰਨ ਵਰਤ ’ਤੇ ਬੈਠਣ ਲਈ ਮਜਬੂਰ ਹੋਣਾ ਪਿਆ। ਏਡੀਸੀ ਮੋਗਾ ਸੁਭਾਸ਼ ਚੰਦਰ ਨੇ ਸਾਬਕਾ ਸਰਪੰਚ ਨੂੰ ਜੂਸ ਪਿਲਾ ਕੇ ਮਰਨ ਵਰਤ ਤੁੜਵਾ ਦਿੱਤਾ ਹੈ। ਇਸ ਮੌਕੇ ਰੂਰਲ ਐੱਨਜੀਓ ਦੇ ਜ਼ਿਲ੍ਹਾ ਚੇਅਰਮੈਨ ਮਹਿੰਦਰ ਪਾਲ ਲੂੰਬਾ, ਸਮਾਜ ਸੇਵੀ ਅਤੇ ਮਨਰੇਗਾ ਕਾਮੇ ਵੀ ਮੌਜੂਦ ਸਨ। ਉਨ੍ਹਾਂ ਨੇ ਸਾਬਕਾ ਸਰਪੰਚ ਦੀ ਜਿੱਤ ’ਤੇ ਮੁਬਾਰਕਵਾਦ ਦਿੰਦਿਆਂ ਸਨਮਾਨਿਤ ਵੀ ਕੀਤਾ।