ਪੱਤਰ ਪ੍ਰੇਰਕ
ਗਿੱਦੜਬਾਹਾ, 5 ਸਤੰਬਰ
ਇਥੇ ਮਾਲਵਾ ਖੇਤਰ ਦੀਆਂ ਸਾਬਕਾ ਸੈਨਿਕ ਜਥੇਬੰਦੀਆਂ ਵੱਲੋਂ ਵੱਡਾ ਇਕੱਠ ਗੁਰਦੁਆਰਾ ਮਸਤੂਆਣਾ ਸਾਹਿਬ ਸੰਗਰੂਰ ਵਿੱਚ ਕੀਤਾ ਗਿਆ। ਇਸ ਵਿੱਚ ਮਾਲਵਾ ਖੇਤਰ ਦੀਆਂ 18 ਸਾਬਕਾ ਸੈਨਿਕ ਜਥੇਬੰਦੀਆਂ ਨੇ ਭਾਗ ਲਿਆ। ਇਸ ਮੌਕੇ ਐਕਸ ਆਰਮੀ ਵੈਲਫੇਅਰ ਸੁਸਾਇਟੀ ਪੰਜਾਬ ਦੇ ਅਹੁਦੇਦਾਰਾਂ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ। ਉਪਰੰਤ ਮਾਲਵਾ ਜ਼ੋਨ ਦੇ ਸਾਰੇ ਸਾਬਕਾ ਸੈਨਿਕਾਂ ਦਾ ਇਕ ਸੰਯੁਕਤ ਮੋਰਚਾ ਬਣਾਉਣ ਦਾ ਫੈਸਲਾ ਕੀਤਾ ਗਿਆ, ਜਿਸ ’ਤੇ ਸਾਰੇ ਫੌਜੀ ਵੀਰਾਂ ਵਲੋਂ ਸਹਿਮਤੀ ਆਉਣ ’ਤੇ ਸੰਯੁਕਤ ਜਵਾਨ ਮੋਰਚਾ ਮਾਲਵਾ ਜ਼ੋਨ ਕਾਇਮ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਕਿਰਪਾਲ ਸਿੰਘ ਬਾਦੀਆਂ ਧਰਮੀ ਫੌਜੀ ਨੇ ਦੱਸਿਆ ਕਿ ਹਰ ਜਥੇਬੰਦੀ ਦੇ ਦੋ ਦੋ ਅਹੁਦੇਦਾਰ ਸ਼ਾਮਲ ਕੀਤੇ ਗਏ ਹਨ। ਸਾਰੀਆਂ ਜਥੇਬੰਦੀਆਂ ਵੱਲੋਂ ਸਰਬਸੰਮਤੀ ਨਾਲ ਹੋਈ ਚੋਣ ਤੋਂ ਬਾਅਦ ਪਿਛਲੇ ਸਮੇਂ ਤੋਂ ਸਾਬਕਾ ਸੈਨਿਕਾਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਲੜਾਈ ਲੜ ਰਹੇ ਸੂਝਵਾਨ ਆਗੂ ਸੁਖਦੇਵ ਸਿੰਘ ਕਿਲਾ ਹਕੀਮਾਂ ਸਾਹਿਬ ਨੂੰ ਮੋਰਚੇ ਵੱਲੋਂ ਚੇਅਰਮੈਨ ਦੀ ਜ਼ਿੰਮੇਵਾਰੀ ਦਿੱਤੀ ਗਈ ਜਦਕਿ ਬਾਕੀ ਸਾਰੇ ਮੋਰਚੇ ਦੇ ਮੈਂਬਰ ਵੱਜੋਂ ਕੰਮ ਕਰਨਗੇ। ਇਸ ਮੋਰਚੇ ਵਿੱਚ ਕੋਈ ਪ੍ਰਧਾਨ ਸਕੱਤਰ ਜਾਂ ਖਜ਼ਾਨਚੀ ਨਹੀਂ ਹੋਵੇਗਾ ਅਤੇ ਮੋਰਚਾ ਕੈਸ਼ ਲੈੱਸ ਹੋਵੇਗਾ।