ਨਿੱਜੀ ਪੱਤਰ ਪੇ੍ਰਕ
ਫ਼ਿਰੋਜ਼ਪੁਰ, 23 ਜੂਨ
ਇਥੇ ਸਰਕਾਰੀ ਅਨਾਜ ਦੀ ਢੋਆ ਢੁਆਈ ਦੇ ਮਾਮਲੇ ਵਿਚ ਵੱਡੇ ਪੱਧਰ ’ਤੇ ਹੋਏ ਕਥਿਤ ਘਪਲੇ ਦੇ ਦੋਸ਼ ਲੱਗਣ ਤੋਂ ਬਾਅਦ ਸਥਾਨਕ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਵੀਰਵਾਰ ਨੂੰ ‘ਪੰਜਾਬੀ ਟ੍ਰਿਬਿਊਨ’ ’ਚ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਅਫ਼ਸਰਾਂ ਨੇ ਮੀਡੀਆ ਤੋਂ ਦੂਰੀ ਬਣਾ ਲਈ ਹੈ। ਉਹ ਜਾਣਕਾਰੀ ਦੇਣ ਦੀ ਬਜਾਏ ਪੱਲਾ ਝਾੜ ਰਹੇ ਹਨ। ਦਿਹਾਤੀ ਹਲਕੇ ਦੇ ਵਿਧਾਇਕ ਰਜਨੀਸ਼ ਦਹਿਆ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਗੰਭੀਰ ਨਜ਼ਰ ਆ ਰਹੇ ਹਨ। ਉਨ੍ਹਾਂ ਸਾਫ਼ ਸ਼ਬਦਾਂ ਵਿਚ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ ਤੇ ਦੋਸ਼ੀਆਂ ਨੂੰ ਕਿਸੇ ਕੀਮਤ ’ਤੇ ਮੁਆਫ਼ ਨਹੀਂ ਕੀਤਾ ਜਾਵੇਗਾ। ਠੇਕੇਦਾਰ ਰਾਕੇਸ਼ ਗਰਗ ਨੇ ਖੁਰਾਕ ਸਪਲਾਈ ਵਿਭਾਗ ਦੇ ਅਫ਼ਸਰਾਂ ’ਤੇ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲਾਏ। ਠੇਕੇਦਾਰ ਗਰਗ ਦਾ ਦਾਅਵਾ ਹੈ ਕਿ ਪਿਛਲੇ ਦੋ ਸਾਲਾਂ ਵਿਚ ਇਥੇ ਸਰਕਾਰੀ ਅਨਾਜ ਦੀ ਢੋਆ ਢੁਆਈ ਦੇ ਟੈਂਡਰ ਚਹੇਤੇ ਠੇਕੇਦਾਰਾਂ ਨੂੰ ਮਹਿੰਗੇ ਭਾਅ ’ਤੇ ਦੇ ਕੇ ਸਰਕਾਰ ਨੂੰ ਕਰੀਬ ਤਿੰਨ ਸੌ ਕਰੋੜ ਦਾ ਰਗੜਾ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਲ 2017 ਵਿਚ ਉਸ ਨੂੰ ਇੱਕ ਟੈਂਡਰ ਲੈਣ ਲਈ ਦਿਹਾਤੀ ਹਲਕੇ ਦੀ ਵਿਧਾਇਕਾ ਦੇ ਪਤੀ ਨੂੰ ਚਾਰ ਲੱਖ ਰੁਪਏ ਦੀ ਰਿਸ਼ਵਤ ਦੇਣੀ ਪਈ ਸੀ ਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਉਸ ਨੂੰ ਬਲੈਕਲਿਸਟ ਕਰਵਾਉਣ ਦੀ ਧਮਕੀ ਮਿਲੀ ਸੀ। ਉਨ੍ਹਾਂ ਵਿਜੀਲੈਂਸ ਵਿਭਾਗ ਦੇ ਡੀਜੀਪੀ ਨੂੰ ਸ਼ਿਕਾਇਤ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਹੈ। ਡਿਪਟੀ ਡਾਇਰੈਕਟਰ ਮੰਗਲ ਦਾਸ ਤੇ ਜ਼ਿਲ੍ਹਾ ਕੰਟਰੋਲਰ ਡਾ. ਵੰਦਨਾ ਕੰਬੋਜ ਦਾ ਕਹਿਣਾ ਹੈ ਕਿ ਸਾਰੇ ਟੈਂਡਰ ਸਰਕਾਰ ਦੀ ਪਾਲਿਸੀ ਮੁਤਾਬਿਕ ਹੀ ਜਾਰੀ ਕੀਤੇ ਗਏ ਸਨ ਤੇ ਠੇਕੇਦਾਰ ਰਾਕੇਸ਼ ਟੈਂਡਰ ਨਾ ਮਿਲਣ ਕਰਕੇ ਆਪਣੀ ਭੜਾਸ ਕੱਢ ਰਿਹਾ ਹੈ।