ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 27 ਦਸੰਬਰ
ਫ਼ਰੀਦਕੋਟ ਦੇ ਪਿੰਡ ਬੀੜ ਭੋਲੂਵਾਲਾ ਦੀ ਗਰਾਮ ਪੰਚਾਇਤ ਦਾ ਪੁਨਰ ਗਠਨ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦਸੰਬਰ 2018 ਵਿੱਚ ਪੰਚਾਇਤੀ ਚੋਣਾਂ ਦੌਰਾਨ ਪਿੰਡ ਬੀੜ ਭੋਲੂਵਾਲਾ ਵਿੱਚ ਪੰਚਾਇਤੀ ਚੋਣਾਂ ਦੌਰਾਨ ਧਾਂਦਲੀ ਹੋਣ ਦੇ ਦੋਸ਼ ਲੱਗੇ ਸਨ ਅਤੇ ਇਸ ਮਾਮਲੇ ਵਿੱਚ ਸੁਖਪ੍ਰੀਤ ਕੌਰ ਸੰਘਾ ਨਾਮ ਦੀ ਉਮੀਦਵਾਰ ਨੇ ਚੋਣ ਨਤੀਜੇ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਹਾਈ ਕੋਰਟ ਨੇ ਚੋਣਾਂ ਦੀ ਗਿਣਤੀ ਦੁਬਾਰਾ ਕਰਨ ਦੀ ਹਦਾਇਤ ਕੀਤੀ ਸੀ ਤੇ ਗਿਣਤੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਨ ਲਈ ਕਿਹਾ ਗਿਆ ਸੀ।
ਲੇਬਰਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਰਣਜੀਤ ਸਿੰਘ ਭੋਲੂਵਾਲਾ ਨੇ ਕਿਹਾ ਕਿ ਹਾਈਕੋਰਟ ਦੇ ਹੁਕਮ ਤੋਂ ਬਾਅਦ 14 ਦਸੰਬਰ 2021 ਨੂੰ ਵੋਟਾਂ ਦੀ ਗਿਣਤੀ ਦੁਬਾਰਾ ਹੋਈ ਸੀ ਅਤੇ ਇਸ ਗਿਣਤੀ ਵਿੱਚ ਸੁਖਪ੍ਰੀਤ ਕੌਰ ਸੰਘਾ ਨੂੰ ਸਰਪੰਚੀ ਲਈ ਜੇਤੂ ਐਲਾਨਿਆ ਗਿਆ। ਇਸ ਚੋਣ ਨਤੀਜੇ ਤੋਂ ਬਾਅਦ ਚੋਣ ਟ੍ਰਿਬਿਊਨਲ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸੁਖਪ੍ਰੀਤ ਕੌਰ ਸੰਘਾ ਨੂੰ ਪਿੰਡ ਭੋਲੂਵਾਲਾ ਦਾ ਸਰਪੰਚ ਬਣਾ ਦਿੱਤਾ ਸੀ।
ਪਿੰਡ ਦੇ ਵਸਨੀਕ ਸੁਰਜੀਤ ਸਿੰਘ, ਜਤਨਦੀਪ ਸਿੰਘ, ਹਰਿੰਦਰ ਸਿੰਘ, ਜਗਸੀਰ ਸਿੰਘ ਅਤੇ ਬਬਲਪ੍ਰੀਤ ਸਿੰਘ ਨੇ ਕਿਹਾ ਕਿ ਸਰਪੰਚ ਐਲਾਨੇ ਜਾਣ ਤੋਂ ਬਾਅਦ ਸੁਖਪ੍ਰੀਤ ਕੌਰ ਨੇ ਅੱਜ ਇਸ ਦਾ ਚਾਰਜ ਵੀ ਸੰਭਾਲ ਲਿਆ ਹੈ।