ਜੋਗਿੰਦਰ ਸਿੰਘ ਮਾਨ
ਮਾਨਸਾ, 26 ਦਸੰਬਰ
ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਮਾਲਵਾ ਪੱਟੀ ਵਿਚ ਪੈਣ ਲੱਗੀ ਧੁੰਦ ਨੂੰ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਲਈ ਲਾਭਦਾਇਕ ਦੱਸਿਆ ਹੈ। ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਧੁੰਦ ਜੌਆਂ ਅਤੇ ਕਿੰਨੂਆਂ ਦੀ ਮਿਠਾਸ ਵਾਸਤੇ ਵੀ ਚੰਗੀ ਮੰਨੀ ਜਾਂਦੀ ਹੈ। ਦਿਲਚਸਪ ਗੱਲ ਹੈ ਕਿ ਮਾਲਵਾ ਦੇ ਮਾਨਸਾ ਖੇਤਰ ਵਿਚ ਕੱਲ੍ਹ ਤੇ ਅੱਜ ਧੁੰਦ ਪਈ, ਜਿਸ ਕਾਰਨ ਭਾਵੇਂ ਆਮ ਜਨ-ਜੀਵਨ ’ਤੇ ਮਾੜਾ ਅਸਰ ਪਿਆ, ਪਰ ਕਿਸਾਨੀ ਖੇਤਰ ਵਿਚ ਇਸ ਨੂੰ ਲਾਭਦਾਇਕ ਮੰਨਿਆ ਗਿਆ ਹੈ।
ਖੇਤੀ ਮਾਹਿਰਾਂ ਨੇ ਦੱਸਿਆ ਕਿ ਕਣਕ ਦੀ ਫ਼ਸਲ ਨੂੰ ਮੀਂਹ ਵਾਂਗ ਡਿੱਗ ਰਹੀ ਇਹ ਧੁੰਦ ਦੇਸੀ ਘਿਓ ਵਾਂਗ ਲੱਗੇਗੀ।
ਉਧਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਮੰਨਿਆ ਕਿ ਇਹ ਧੁੰਦ ਕਣਕ ਦੇ ਉਤਪਾਦਨ ਵਧਾਉਣ ਵਿੱਚ ਸ਼ੁਭ ਸ਼ਗਨ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਅਗੇਤੀਆਂ ਕਣਕਾਂ ਨੂੰ ਦੋ ਹਫ਼ਤੇ ਤੋਂ ਵੱਧ ਸਮਾਂ ਪਾਣੀ ਲੱਗੇ ਨੂੰ ਹੋ ਗਿਆ, ਉਨ੍ਹਾਂ ਨੂੰ ਹੁਣ ਇਸ ਧੁੰਦ ਨੇ ਤਰੇਲ ਰੂਪ ਵਿਚ ਡਿੱਗ ਕੇ ਹੋਰ ਪਾਣੀ ਦੀ ਜ਼ਰੂਰਤ ਨੂੰ ਬਿਲਕੁਲ ਘਟਾ ਦਿੱਤਾ। ਸ੍ਰੀ ਰੋਮਾਣਾ ਨੇ ਕਿਹਾ ਕਿ ਬੇਸ਼ੱਕ ਧੁੰਦ ਨੇ ਆਮ ਜਨ-ਜੀਵਨ ਵਿਚ ਕਾਫ਼ੀ ਅਸਰ ਪਾਇਆ ਹੈ, ਪਰ ਕਣਕ ਲਈ ਇਹ ਬਹੁਤ ਲਾਭਕਾਰੀ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਕਣਕ ਦੀ ਫ਼ਸਲ ਵਿਚੋਂ ਗੁੱਲੀਡੰਡਾ ਤੇ ਹੋਰ ਨਦੀਨਾਂ ਨੂੰ ਮਾਰਨ ਲਈ ਫਿਲਹਾਲ ਧੁੰਦ ਵਾਲਾ ਮੌਸਮ ਹੱਟਣ ਤੱਕ ਰੁਕ ਜਾਣ। ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਨਹੀਂ ਲਾਇਆ ਹੈ, ਉਹ ਤੁਰੰਤ ਪਾਣੀ ਦੇਣ ਦਾ ਉਪਰਾਲਾ ਕਰਨ ਅਤੇ ਨਾਲ ਹੀ ਫ਼ਸਲ ਨੂੰ ਲੋੜੀਂਦਾ ਯੂਰੀਆ ਵੀ ਪਾਉਣ। ਖੇਤੀ ਵਿਗਿਆਨੀ ਨੇ ਦੱਸਿਆ ਕਿ ਮੌਸਮ ਵਿਭਾਗ ਅਗਲੇ ਦਿਨਾਂ ਵਿਚ ਧੁੰਦ ਦੇ ਹੋਰ ਵਧਣ ਦੀ ਪੇਸ਼ੀਨਗੋਈ ਕੀਤੀ ਹੈ।