ਹਰਦੀਪ ਸਿੰਘ
ਫ਼ਤਿਹਗੜ੍ਹ ਪੰਜਤੂਰ, 28 ਜੁਲਾਈ
ਇੱਥੇ ਅੱਜ ਬਾਅਦ ਦੁਪਹਿਰ ਪਏ ਮੀਂਹ ਨਾਲ ਇਥੇ ਨੀਵੀਆਂ ਗਲੀਆਂ ਨਾਲੀਆਂ ਅਤੇ ਬਾਜ਼ਾਰਾਂ ਵਿੱਚ ਮੀਂਹ ਦਾ ਪਾਣੀ ਕਈ ਕਈ ਫੁੱਟ ਭਰ ਗਿਆ ਤੇ ਆਵਾਜਾਈ ਵਿੱਚ ਵਿਘਨ ਪਿਆ। ਇੱਥੋਂ ਦੇ ਮੁੱਖ ਬਾਜ਼ਾਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਸਥਿਤ ਗੁਰੂ ਨਾਨਕ ਮਾਰਕੀਟ ਵਿੱਚ ਮੀਂਹ ਦਾ ਪਾਣੀ ਭਰ ਗਿਆ ਅਤੇ ਬਾਜ਼ਾਰ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ। ਜ਼ਿਕਰਯੋਗ ਹੈ ਕਿ ਕਸਬੇ ਅੰਦਰ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਯੋਗ ਪ੍ਰਬੰਧ ਨਹੀਂ ਹੈ। ਕਈ ਦਹਾਕੇ ਪਹਿਲਾਂ ਬਣੇ ਪਾਣੀ ਦੀ ਨਿਕਾਸੀ ਵਾਲੇ ਸੇਮ ਨਾਲੇ ਹੁਣ ਪਾਣੀ ਦੀ ਨਿਕਾਸੀ ਤੋਂ ਅਸਮਰੱਥ ਜਾਪ ਰਹੇ ਹਨ।ਨਗਰ ਪੰਚਾਇਤ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਥੇ ਸੀਵਰੇਜ ਸਿਸਟਮ ਤੋਂ ਬਗੈਰ ਹੁਣ ਪਾਣੀ ਦੀ ਨਿਕਾਸੀ ਸੰਭਵ ਨਹੀਂ ਹੈ। ਤਤਕਾਲੀ ਕਾਂਗਰਸ ਸਰਕਾਰ ਵੇਲੇ ਇਥੇ ਸੀਵਰੇਜ ਪ੍ਰਾਜੈਕਟ ਪਾਸ ਤਾਂ ਕਰ ਦਿੱਤਾ ਗਿਆ ਸੀ ਪਰ ਉਸ ’ਤੇ ਅਜੇ ਤਕ ਅਮਲ ਸ਼ੁਰੂ ਨਹੀਂ ਹੋ ਸਕਿਆ ਹੈ। ਗੁਰੂ ਨਾਨਕ ਮਾਰਕੀਟ ਦੇ ਦੁਕਾਨਦਾਰਾਂ ਸਾਧੂ ਸਿੰਘ, ਗੁਰਨਾਮ ਸਿੰਘ ਥਿੰਦ, ਰਣਜੀਤ ਸਿੰਘ ਨੇ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਇੱਥੇ ਪਾਸ ਕੀਤੇ ਗਏ ਸੀਵਰੇਜ ਪ੍ਰਾਜੈਕਟ ਤੇ ਤੁਰੰਤ ਕੰਮ ਸ਼ੁਰੂ ਕੀਤਾ ਜਾਵੇ।
ਮੀਂਹ ਪੈਣ ਨਾਲ ਕਿਸਾਨਾਂ ਨੂੰ ਰਾਹਤ
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਇਥੇ ਅੱਜ ਮੀਂਹ ਪੈਣ ਨਾਲ ਕਿਸਾਨਾਂ ਨੂੰ ਰਾਹਤ ਮਿਲੀ ਹੈ। ਉਧਰ ਸ਼ਹਿਰੀ ਖੇਤਰ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਦੱਸਿਆ ਹੈ ਕਿ ਮੀਂਹ ਝੋਨੇ ਦੀ ਫ਼ਸਲ ਲਈ ਕਾਫੀ ਫਾਇਦੇਮੰਦ ਹੈ। ਇਸ ਮੌਕੇ ਸਾਬਕਾ ਲੋਕ ਸਭਾ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਆਗੂ ਅਸ਼ੋਕ ਤੰਵਰ ਨੇ ਕਿਹਾ ਹੈ ਕਿ ਮੀਂਹ ਨੇ ਸਰਕਾਰ ਤੇ ਪ੍ਰਸ਼ਾਸਨਿਕ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਸ਼ਹਿਰ ਵਿੱਚ ਮਾਮੂਲੀ ਮੀਂਹ ਪੈਣ ਨਾਲ ਹੀ ਸੜਕਾਂ ਪਾਣੀ ਨਾਲ ਭਰ ਜਾਂਦੀਆਂ ਹਨ। ਬੱਸ ਅੱਡਾ ਤੇ ਸਰਕਾਰੀ ਮਹਿਲਾ ਕਾਲਜ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਨੇੜੇ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਵਿਦਿਆਰਥਣਾਂ ਤੇ ਹੋਰ ਰਾਹੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।