ਜੋਗਿੰਦਰ ਸਿੰਘ ਮਾਨ
ਮਾਨਸਾ, 8 ਜੂਨ
ਦੇਸ਼-ਵਿਦੇਸ਼ ’ਚੋਂ ਆਏ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੇ ਹੜ੍ਹ ਅੱਗੇ ਜ਼ਿਲ੍ਹਾ ਪ੍ਰਸ਼ਾਸਨ ਦੇ ਪ੍ਰਬੰਧ ਧਰੇ-ਧਰਾਏ ਰਹਿ ਗਏ। ਦੂਰੋਂ ਚੱਲ ਕੇ ਆਈ ਹਜ਼ਾਰਾਂ ਦੀ ਗਿਣਤੀ ’ਚ ਸੰਗਤ ਅੰਤਿਮ ਅਰਦਾਸ ਵਿਚ ਨਾ ਪੁੱਜ ਸਕੀ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੇ ਇਕੱਠ ਨੂੰ ਦੇਖਦਿਆਂ ਬਕਾਇਦਾ ਰੂਪ ਵਿੱਚ ਰੂਟ ਪਲਾਨ ਬਣਾਇਆ ਗਿਆ ਸੀ, ਪਰ ਇਹ ਰੂਟ ਪਲਾਨ ਧਰਿਆ-ਧਰਾਇਆ ਰਹਿ ਗਿਆ। ਇਸ ਤੋਂ ਇਲਾਵਾ ਅਨਾਜ ਮੰਡੀ ਦੇ ਬਿਲਕੁਲ ਨੇੜੇ ਪਾਰਕਿੰਗ ਲਈ ਬਣਾਈਆਂ ਥਾਵਾਂ ਕਾਰਨ ਵੀ ਟਰੈਫਿਕ ਜ਼ਿਆਦਾ ਉਲਝਿਆ ਰਿਹਾ, ਜੇਕਰ ਇਹ ਪਾਰਕਿੰਗ ਥਾਵਾਂ ਦੂਰ-ਦਰੇਡੇ ਬਣਾਈਆਂ ਜਾਂਦੀਆਂ ਤਾਂ ਇਸ ਰੂਪ ਵਿੱਚ ਵੱਡੇ ਜਾਮ ਨਾ ਲੱਗਦੇ। ਤੜਕਸਾਰ ਤੋਂ ਹੀ ਦੇਸ਼ ਦੇ ਕੋਨੇ-ਕੋਨੇ ਤੋਂ ਆਏ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਸ਼ਹਿਰ ਦੇ ਚਾਰ-ਚੁਫੇਰੇ 9 ਤੋਂ 12 ਕਿਲੋਮੀਟਰ ਤੱਕ ਦੇ ਜਾਮ ’ਚ ਲੋਕੀ ਬੁਰੀ ਤਰ੍ਹਾਂ ਫਸੇ ਨਜ਼ਰ ਆਏ।
ਮਾਨਸਾ ਦੀ ਧਰਤੀ ’ਤੇ ਅਜਿਹਾ ਵਿਸ਼ਾਲ ਇਕੱਠ ਪਹਿਲਾਂ ਕਦੇ ਵੀ ਦੇਖਣ ਨੂੰ ਨਹੀਂ ਸੀ ਮਿਲਿਆ। ਮਿੰਟਾਂ ਦਾ ਸਫ਼ਰ ਕਈ ਘੰਟਿਆਂ ’ਚ ਪੂਰਾ ਹੋਇਆ, ਦੇਰ ਸ਼ਾਮ ਤੱਕ ਵੱਖ-ਵੱਖ ਰਸਤਿਆਂ ਨੂੰ ਸਾਹ ਆਇਆ। ਵੱਖ-ਵੱਖ ਵੀਆਈਪੀ ਗੱਡੀਆਂ, ਐਬੂਲੈਂਸ ਵਹੀਕਲ ਵੀ ਫਸਦੇ ਨਜ਼ਰ ਆਏ, ਜਿਨ੍ਹਾਂ ਨੂੰ ਵੱਡੀ ਮੁਸ਼ਕਲ ਨਾਲ ਆਮ ਲੋਕਾਂ ਨੇ ਟਰੈਫਿਕ ਵਿੱਚੋ ਕੱਢਿਆ। ਮਾਨਸਾ-ਸਿਰਸਾ, ਪਟਿਆਲਾ-ਚੰਡੀਗੜ੍ਹ, ਮਾਨਸਾ-ਬਰਨਾਲਾ, ਮਾਨਸਾ-ਬਠਿੰਡਾ ਦੇ ਸਾਰੇ ਰੂਟਾਂ ’ਤੇ ਲੰਮੀਆਂ ਕਤਾਰਾਂ ਦੇਰ ਸ਼ਾਮ ਤੱਕ ਲੱਗੀਆਂ, ਜਿਸ ਕਾਰਨ ਵੱਖ-ਵੱਖ ਰੂਟਾਂ ’ਤੇ ਜਾਣ ਵਾਲੀਆਂ ਬੱਸਾਂ ਟਰੈਫਿਕ ’ਚ ਫਸੀਆਂ ਰਹੀਆਂ, ਜਿਸ ਕਾਰਨ ਆਮ ਲੋਕਾਂ ਨੂੰ ਅਨੇਕਾਂ ਦਿੱਕਤਾਂ ਆਈਆਂ।
ਸੋਸ਼ਲਿਸਟ ਪਾਰਟੀ ਇੰਡੀਆ ਦੇ ਜਨਰਲ ਸਕੱਤਰ ਹਰਿੰਦਰ ਮਾਨਸ਼ਾਹੀਆ ਨੇ ਇਸ ਟਰੈਫਿਕ ਸਿਸਟਮ ’ਤੇ ਚਿੰਤਾ ਪ੍ਰਗਟ ਕੀਤੀ ਹੈ ਕਿ ਇਸ ਦੁੱਖ ਦੀ ਘੜੀ ’ਚ ਪ੍ਰਸ਼ਾਸਨ ਨੂੰ ਇਕੱਠ ਦੇ ਅੰਦਾਜ਼ੇ ਮੁਤਾਬਿਕ ਪ੍ਰਬੰਧ ਕਰਨੇ ਬਣਦੇ ਸਨ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਵਿਦੇਸ਼ ’ਚੋਂ ਇਥੇ ਪਹੁੰਚੇ ਲੋਕਾਂ ਨੂੰ ਵੱਡੀਆਂ ਦਿੱਕਤਾਂ ਆਈਆਂ।
ਅਕਾਲੀ ਦਲ (ਅ) ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਜਵਾਹਰਕੇ ਨੇ ਕਿਹਾ ਕਿ ਭਾਰੀ ਗਰਮੀ ਦੌਰਾਨ ਦੇਸ਼-ਵਿਦੇਸ਼ ’ਚੋਂ ਆਈਆਂ ਸੰਗਤਾਂ ਲਈ ਕੋਈ ਸਾਰਥਿਕ ਰੂਟ ਪਲਾਨ ਬਣਾਉਣ ਦੀ ਜ਼ਰੂਰਤ ਸੀ, ਕਿਉਂਕਿ ਸੰਗਤਾਂ ਬਹੁਤ ਹੀ ਗਮਹੀਨ ਮਾਹੌਲ ’ਚੋਂ ਗੁਜ਼ਰ ਰਹੀਆਂ ਸਨ, ਜਿਸ ਕਾਰਨ ਉਨ੍ਹਾਂ ਦੀ ਹੋਰ ਤਕਲੀਫ਼ ਵਧੀ ਇਸੇ ਦੌਰਾਨ ਪੀਆਰਟੀਸੀ ਦੇ ਸਾਬਕਾ ਡਾਇਰੈਕਟਰ ਕਰਮ ਸਿੰਘ ਚੌਹਾਨ ਨੇ ਕਿਹਾ ਕਿ ਟਰੈਫ਼ਿਕ ਪ੍ਰਬੰਧ ਮਾੜੇ ਹੋਣ ਕਾਰਨ ਹਜ਼ਾਰਾਂ ਲੋਕ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਨਹੀਂ ਹੋ ਸਕੇ ਅਤੇ ਸਾਰਾ-ਸਾਰਾ ਦਿਨ ਜਾਮ ਵਿੱਚ ਮੁੜ੍ਹਕੋ-ਮੁੜਕੀ ਹੁੰਦੇ ਰਹੇ ਲੋਕ।
ਇਸੇ ਦੌਰਾਨ ਜਦੋਂ ਟਰੈਫ਼ਿਕ ਇੰਚਾਰਜ ਹਰਦਿਆਲ ਦਾਸ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਇੱਕ-ਦੂਜੇ ਤੋਂ ਮੁੂਹਰੇ ਕੱਢਕੇ ਗੱਡੀਆਂ ਲਿਜਾਣ ਦੀ ਕਾਹਲ ਕਾਰਨ ਇਹ ਜਾਮ ਲੱਗ ਗਏ ਅਤੇ ਲੋਕ ਟਰੈਫਿਕ ਪੁਲੀਸ ਦੀਆਂ ਵਿਸਲਾਂ ਨੂੰ ਅਣਸੁਣਿਆ ਕਰਦੇ ਰਹੇ।