ਨਵਕਿਰਨ ਸਿੰਘ
ਮਹਿਲ ਕਲਾਂ, 10 ਫਰਵਰੀ
ਪੰਜਾਬ ਵਿਧਾਨ ਸਭਾ ਚੋਣਾਂ ’ਚ ਇਸ ਵਾਰ ਪਹਿਲਾਂ ਨਾਲੋਂ ਨਿਕੇਵਲੀ ਗੱਲ ਇਹ ਹੈ ਕਿ ਲੋਕ ਵੋਟਾਂ ਮੰਗਣ ਆਉਣ ਵਾਲੇ ਲੀਡਰਾਂ ਪਿਛਲੇ ਚੋਣ ਵਾਅਦਿਆਂ ਸਬੰਧੀ ਸਵਾਲ ਪੁੱਛਣ ਲੱਗੇ ਹਨ ਤੇ ਕਿਸਾਨ ਜਥੇਬੰਦੀਆਂ ਦੇ ਪ੍ਰਭਾਵ ਵਾਲੇ ਖੇਤਰਾਂ ’ਚ ਸੱਤਾ ’ਚ ਰਹੀਆਂ ਰਾਜਨੀਤਕ ਪਾਰਟੀਆਂ ਲਈ ਲੋਕਾਂ ਦੇ ਜਾਇਜ਼ ਸਵਾਲ ਸਿਰਦਰਦੀ ਬਣ ਰਹੇ ਹਨ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਮਹਿਲ ਕਲਾਂ ਖੇਤਰ ਦੇ ਪਿੰਡਾਂ ’ਚ ਜਿੱਥੇ ਚੋਣਾਂ ਬਾਰੇ ਘਰ-ਘਰ ਲੀਫਲੈਟ ਵੰਡੇ ਜਾ ਰਹੇ ਹਨ ਉੱਥੇ ਹੀ ਪਿੰਡਾਂ ’ਚ ਲੋਕਾਂ ਦੀਆਂ ਸਮੱਸਿਆਵਾਂ ਨਾਲ ਜੁੜੇ ਸਵਾਲਾਂ ਦੇ ਵੱਡੇ-ਵੱਡੇ ਫਲੈਕਸ ਲਗਾਏ ਹਨ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਨੇ ਦੱਸਿਆ ਕਿ ਚੋਣਾਂ ਸਮੇਂ ਰਾਜਨੀਤਕ ਪਾਰਟੀਆਂ ਲੋਕ ਲੁਭਾਊ ਵਾਅਦੇ ਕਰਕੇ ਵੋਟਾਂ ਬਟੋਰ ਲੈਂਦੀਆਂ ਹਨ ਪਰ ਬਾਅਦ ਵਿੱਚ ਪੰਜ ਸਾਲ ਵਾਅਦੇ ਪੂਰੇ ਕਰਨੇ ਤਾਂ ਦੂਰ ਦੀ ਗੱਲ ਲੋਕਾਂ ਦੀ ਸਾਰ ਵੀ ਨਹੀਂ ਲੈਂਦੀਆਂ ਇਸ ਲਈ ਪਿੰਡਾਂ ਵਿੱਚ ਸਵਾਲਾਂ ਦੀਆਂ ਲਿਸਟਾਂ ਦੇ ਬਕਾਇਦਾ ਫਲੈਕਸ ਲਗਾਏ ਗਏ ਹਨ ਤਾਂ ਕਿ ਲੋਕਾਂ ਨੂੰ ਹਾਕਮ ਜਮਾਤ ਪਾਰਟੀਆਂ ਬਾਰੇ ਚੇਤਨ ਕੀਤਾ ਜਾਵੇ। ਪਿੰਡ ਠੁੱਲੀਵਾਲ ਵਿਖੇ ਫਲੈਕਸ ਲਗਾਉਣ ਸਮੇਂ ਜਥੇਬੰਦੀ ਦੇ ਬਲਾਕ ਆਗੂ ਨਾਜ਼ਰ ਸਿੰਘ ਠੁੱਲੀਵਾਲ, ਬਲਵਿੰਦਰ ਸਿੰਘ ਤੇ ਇਕਾਈ ਪ੍ਰਧਾਨ ਮੇਵਾ ਸਿੰਘ ਭੱਟੀ ਨੇ ਕਿਹਾ ਕਿ ਸਵਾਲਾਂ ਤੋਂ ਇਲਾਵਾਂ ਕਿਸਾਨ ਯੂਨੀਅਨ ਵੱਲੋਂ ਚੋਣਾਂ ਸਬੰਧੀ ਲਿਖੇ ਗਏ ਨਾਅਰਿਆਂ ਦੇ ਵੱਡ ਅਕਾਰੀ ਫਲੈਕਸ ਵੀ ਪਿੰਡਾਂ ਦੀਆਂ ਸੱਥਾਂ ਵਿੱਚ ਲਗਾਏ ਗਏ ਹਨ ਜਿਵੇਂ ਕਿ ‘ਵੋਟਾਂ ਨੇ ਨਹੀਂ ਲਾਉਣਾ ਪਾਰ, ਲੋਕੋ ਕਰਿਓ ਨਾ ਇਤਬਾਰ’ ਤੇ ‘ਪਾ ਕੇ ਲੋਕ ਹਿੱਤਾਂ ਦੇ ਪਰਦੇ ਸੱਜਣ ਠੱਗ ਗੱਦੀਆਂ ਲਈ ਲੜਦੇ’ ਆਦਿ ਨਾਅਰੇ ਲਿਖੇ ਹੋਏ ਹਨ।