ਪੱਤਰ ਪ੍ਰੇਰਕ
ਮਹਿਲ ਕਲਾਂ, 12 ਜੁਲਾਈ
ਪਿੰਡ ਕੁਰੜ ਦੀ ਵਿਆਹੁਤਾ ਵੱਲੋਂ ਕੀਤੀ ਖੁਦਕੁਸ਼ੀ ਦੇ ਮਾਮਲੇ ਵਿੱਚ ਉਸ ਦੇ ਸਹੁਰਾ ਪਰਿਵਾਰ ਖਿਲਾਫ ਕੇਸ ਦਰਜ ਹੋਣ ਦੇ ਬਾਵਜੂਦ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕਰਨ ਦੇ ਰੋਸ ਵਜੋਂ ਅੱਜ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ ਨੇੜਲੇ ਪਿੰਡਾਂ ’ਚ ਝੰਡਾ ਮਾਰਚ ਕਰਕੇ 14 ਜੁਲਾਈ ਨੂੰ ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਚੱਕਾ ਜਾਮ ਕਰਨ ਦੀ ਤਿਆਰੀ ਕੀਤੀ। ਮਹਿਲ ਕਲਾਂ, ਮਹਿਲ ਖੁਰਦ, ਪੰਡੋਰੀ, ਕੁਰੜ, ਛਾਪਾ, ਲੋਹਗੜ੍ਹ ਹਰਦਾਸਪੁਰਾ, ਕੁਤਬਾ ਆਦਿ ’ਚ ਕੀਤੇ ਝੰਡਾ ਮਾਰਚ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਗਰਾਜ ਸਿੰਘ ਹਰਦਾਸਪੁਰਾ, ਮਲਕੀਤ ਸਿੰਘ ਮਹਿਲ ਕਲਾਂ, ਅਮਨਦੀਪ ਸਿੰਘ ਰਾਏਸਰ, ਰੂਪਾ ਸਿੰਘ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਆਗੂ ਅਮਰਜੀਤ ਸਿੰਘ ਕੁੱਕੂ, ਬਲਦੇਵ ਸਿੰਘ ਧਨੇਰ ਆਦਿ ਨੇ ਕਿਹਾ ਕਿ ਪਿੰਡ ਗੰਗੋਹਰ ਦੀ ਲੜਕੀ ਕੁਰੜ ਵਿੱਚ ਵਿਆਹੀ ਹੋਈ ਸੀ ਤੇ ਸਹੁਰਾ ਪਰਿਵਾਰ ਤੋਂ ਤੰਗ ਹੋਣ ਕਾਰਨ ਲੜਕੀ ਨੇ ਖੁਦਕੁਸ਼ੀ ਕਰ ਲਈ।
ਪੁਲੀਸ ਵੱਲੋਂ ਮ੍ਰਿਤਕਾ ਦੇ ਪਿਤਾ ਦਰਸ਼ਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਜਵਾਈ ਰਣਦੀਪ ਸਿੰਘ ਵਾਸੀ ਕੁਰੜ, ਉਸ ਦੇ ਦੋ ਭਰਾਵਾਂ, ਸੱਸ, ਸਹੁਰਾ ਤੇ ਪੇਕੇ ਘਰ ਰਹਿੰਦੀ ਭੂਆ ਸੱਸ ਖਿਲਾਫ ਕੇਸ ਦਰਜ ਵੀ ਕਰ ਲਿਆ ਸੀ ਪਰ ਅਜੇ ਤੱਕ ਪੁਲੀਸ ਵੱਲੋਂ ਮ੍ਰਿਤਕਾ ਦੇ ਪਤੀ ਸਮੇਤ ਸਿਰਫ 3 ਵਿਅਕਤੀ ਹੀ ਗ੍ਰਿਫਤਾਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੇਸ ਵਿੱਚ ਨਾਮਜ਼ਦ ਸਾਰੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਲਈ 14 ਜੁਲਾਈ ਨੂੰ ਬਰਨਾਲਾ-ਲੁਧਿਆਣਾ ਮੁੱਖ ਮਾਰਗ ਜਾਮ ਕੀਤਾ ਜਾਵੇਗਾ।