ਜੋਗਿੰਦਰ ਿਸੰਘ ਮਾਨ
ਮਾਨਸਾ, 14 ਅਕਤੂਬਰ
ਸ਼ਹਿਰ ਵਿਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਦੀ ਅਗਵਾਈ ਹੇਠ ਮਾਨਸਾ ਸ਼ਹਿਰ ਦੇ ਪੰਜ ਕੌਂਸਲਰ ਵਿਜੇ ਕੁਮਾਰ ਸਿੰਗਲਾ, ਐਡਵੋਕੇਟ ਅਮਨਦੀਪ ਢੁੰਡਾ, ਰਾਮਪਾਲ ਸਿੰਘ, ਸੁਨੀਲ ਕੁਮਾਰ ਨੀਨੂ, ਜਸਵੀਰ ਕੌਰ ਨੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਗਏ। ਸ਼ਾਮਲ ਹੋਏ ਕੌਂਸਲਰਾਂ ਨੇ ਮਾਨਸਾ ਸਹਿਰ ਦੇ ਬਾਕੀ ਕੌਂਸਲਰਾਂ ਨੂੰ ਬੇਨਤੀ ਕੀਤੀ ਕਿ ਮਾਨਸਾ ਸ਼ਹਿਰ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਅਤੇ ਮਾਨਸਾ ਸ਼ਹਿਰ ਦਾ ਵਿਕਾਸ ਕਰਾਉਣ ਲਈ ਆਮ ਆਦਮੀ ਪਾਰਟੀ ਨਾਲ ਜੁੜਨ ਅਤੇ ਗੁੱਟਬਾਜ਼ੀ ਛੱਡ ਕੇ ਮਾਨਸਾ ਦੇ ਵਿਕਾਸ ਨੂੰ ਅੱਗੇ ਰੱਖਦੇ ਹੋਏ ਸਰਬਸੰਮਤੀ ਨਾਲ ਮਾਨਸਾ ਨਗਰ ਕੌਂਸਲ ਦਾ ਪ੍ਰਧਾਨ ਅਤੇ ਹੋਰ ਟੀਮ ਚੁਣਨ। ਆਮ ਆਦਮੀ ਪਾਰਟੀ ਤੋਂ ਜਿੱਤੇ ਕੌਂਸਲਰ ਕ੍ਰਿਸ਼ਨ ਸਿੰਘ ਅਤੇ ਰਾਣੀ ਕੌਰ ਨੇ ਐਮ. ਸੀਜ਼ ਦਾ ਪਾਰਟੀ ’ਚ ਦਾ ਸਵਾਗਤ ਕੀਤਾ। ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ, ਜਨਰਲ ਸਕੱਤਰ ਜਿਲਾ ਮਾਨਸਾ ਆਮ ਆਦਮੀ ਪਾਰਟੀ ਗੁਰਪ੍ਰੀਤ ਸਿੰਘ ਭੁੱਚਰ ਅਤੇ ਲੀਗਲ ਸੈਲ ਦੇ ਇੰਚਾਰਜ ਰਣਦੀਪ ਸ਼ਰਮਾ ਐਡਵੋਕੇਟ ਨੇ ਕਿਹਾ ਕਿ ਵਿਕਾਸ ਲਈ ਛੇਤੀ ਰੋਡ ਮੈਪ ਬਣਾ ਕੇ ਅਤੇ ਪੰਜਾਬ ਸਰਕਾਰ ਤੋਂ ਫੰਡ ਲਿਆ ਕੇ ਛੇਤੀ ਹੀ ਸ਼ਹਿਰ ਦੇ ਵਿਕਾਸ ਕਾਰਜ ਸ਼ੁਰੂ ਕੀਤੇ ਜਾਣਗੇ।
ਅਕਾਲੀ ਦਲ ਨੇ ਹਰਸਿਮਰਤ ਬਾਦਲ ਕੋਲ ਚੁੱਕਿਆ ਮਾਨਸਾ ਦੀਆਂ ਸਮੱਸਿਆਵਾਂ ਦਾ ਮਾਮਲਾ
ਮਾਨਸਾ ਸ਼ਹਿਰ ਦੇ ਲੰਬੇ ਸਮੇਂ ਤੋਂ ਰੁਕੇ ਪਏ ਅਨੇਕਾਂ ਵਿਕਾਸ ਕਾਰਜਾਂ ਦਾ ਦਾ ਮਾਮਲਾ ਅਕਾਲੀ ਦਲ ਨਾਲ ਜੁੜੇ ਆਗੂਆਂ ਵੱਲੋਂ ਬਠਿੰਡਾ ਸੰਸਦੀ ਹਲਕੇ ਦੇ ਮੈਂਬਰ ਹਰਸਿਮਰਤ ਕੌਰ ਬਾਦਲ ਕੋਲ ਚੁੱਕਿਆ, ਜਿੰਨ੍ਹਾਂ ਨੇ ਵਫ਼ਦ ਨੂੰ ਛੇਤੀ ਮਸਲਿਆਂ ਦਾ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ। ਆਗੂਆਂ ਨੇ ਮੰਗ ਪੱਤਰ ਵਿੱਚ ਕਿਹਾ ਕਿ ਇਸ ਸ਼ਹਿਰ ਦੇ ਕਾਰਜਾਂ ਲਈ ਹੁਣ ਆਮ ਆਦਮੀ ਪਾਰਟੀ ਵੱਲੋਂ ਕੋਈ ਦਿਲਚਸਪੀ ਨਹੀਂ ਲਈ ਜਾ ਰਹੀ ਹੈ, ਜਿਸ ਕਾਰਨ ਇੱਥੋਂ ਦੇ ਲੋਕਾਂ ਨੂੰ ਬਹੁਤ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਦੀ ਕੋਠੀ ਨੂੰ ਜਾਂਦੇ ਮੁੱਖ ਮਾਰਗਾਂ ਦੀਆਂ ਲਾਈਟਾਂ ਬੰਦ ਪਈਆਂ ਹਨ, ਸ਼ਹਿਰ ਵਿੱਚ ਹਰ ਰੋਜ਼ ਸੀਵਰੇਜ ਲਗਾਤਾਰ ਲੀਕ ਹੋ ਰਿਹਾ ਹੈ, ਸਫ਼ਾਈ ਪ੍ਰਬੰਧਾਂ ਦਾ ਮਾੜਾ ਹਾਲ ਹੈ, ਟਰੈਫਿਕ ਦੇ ਕੋਈ ਢੁੱਕਵੇਂ ਪ੍ਰਬੰਧ ਨਹੀਂ ਕੀਤੇ ਜਾ ਰਹੇ ਅਤੇ ਨਾ ਕਿਸੇ ਦੀ ਸੁਣੀ ਜਾ ਰਹੀ ਹੈ, ਥਾਂ-ਥਾਂ ’ਤੇ ਅਵਾਰਾ ਪਸ਼ੂਆਂ ਦੇ ਵੱਗ ਲੋਕਾਂ ਦੇ ਢੁੱਡਾਂ ਮਾਰਦੇ ਫਿਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮਸਲਿਆਂ ਲਈ ਜਦੋਂ ਕੋਈ ਸੁਣਵਾਈ ਨਾ ਹੋਈ ਤਾਂ ਇਨ੍ਹਾਂ ਮਸਲਿਆਂ ਨੂੰ ਮੈਂਬਰ ਪਾਰਲੀਮੈਂਟ ਕੋਲ ਹੀ ਉਠਾਉਣਾ ਪਿਆ ਹੈ। ਇਸੇ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਭਰੋਸਾ ਦਿੱਤਾ ਕਿ ਉਹ ਸ਼ਹਿਰ ਦੇ ਇਨ੍ਹਾਂ ਮਸਲਿਆਂ ਦਾ ਛੇਤੀ ਹੱਲ ਕਰਵਾਉਣ ਲਈ ਪ੍ਰਸ਼ਾਸਨ ਨਾਲ ਬਕਾਇਦਾ ਮੀਟਿੰਗ ਕਰਨਗੇ। ਇਸ ਮੌਕੇ ਆਤਮਜੀਤ ਸਿੰਘ ਕਾਲਾ ਸਾਬਕਾ ਪ੍ਰਧਾਨ ਨਗਰ ਕੌਂਸਲ ਮਾਨਸਾ, ਹਰਬੰਸ ਸਿੰਘ ਪੰਮੀ, ਅਵਤਾਰ ਸਿੰਘ, ਗੁਰਬਿੰਦਰ ਸਿੰਘ ਧਾਲੀਵਾਲ, ਹਰਨੂ਼ਰ ਸਿੰਘ ਸਮਰਾ ਅਤੇ ਗੁਰਪ੍ਰੀਤ ਸਿੰਘ ਪੀਤਾ ਵੀ ਮੌਜੂਦ ਸਨ।