ਪੱਤਰ ਪ੍ਰੇਰਕ
ਗੋਨਿਆਣਾ ਮੰਡੀ, 4 ਸਤੰਬਰ
ਕੋਟਭਾਈ ਰਜਵਾਹੇ ਵਿਚ ਨਿਕਲਦੀ ਮਹਿਮਾ ਮਾੜਾ ਮਾਈਨਰ ਵਿਚ ਬੀਤੀ ਦੇਰ ਰਾਤ 40 ਫੁੱਟ ਚੌੜਾ ਪਾੜ ਪੈਣ ਕਾਰਨ 100 ਏਕੜ ਝੋਨੇ ਅਤੇ ਨਰਮੇ ਦੀ ਫ਼ਸਲ ਵਿਚ ਪਾਣੀ ਭਰ ਗਿਆ। ਜ਼ਿਕਰਯੋਗ ਹੈ ਬੀਤੀ ਕੱਲ੍ਹ ਮੀਂਹ ਪੈਣ ਕਾਰਨ ਪਾਣੀ ਦਾ ਪੱਧਰ ਉੱਚਾ ਚੱਲ ਰਿਹਾ ਸੀ ਅਤੇ ਮਾਈਨਰ ਦੀ ਹਾਲਤ ਮਾੜੀ ਹੋਣ ਕਾਰਨ ਪਾੜ ਪੈ ਗਿਆ। ਕਿਸਾਨਾਂ ਨੇ ਦੋਸ਼ ਲਗਾਏ ਕਿ ਉਹ ਦੇਰ ਰਾਤ ਤੋਂ ਪਾੜ ਨੂੰ ਪੂਰਨ ਲਈ ਮਹਿਕਮੇ ਦੇ ਅਫ਼ਸਰ ਨੂੰ ਫੋਨ ਕਰਦੇ ਰਹੇ ਮਹਿਕਮੇ ਦੀ ਟੀਮ ਸਵੇਰ ਵੇਲੇ ਪੁੱਜੀ। ਉਧਰ ਬੀਕੇਯੂ ਸਿੱਧੂਪੁਰ ਦੇ ਆਗੂ ਹਰਪ੍ਰੀਤ ਸਿੰਘ ਬਰਾੜ ਨੇ ਕਿਸਾਨਾਂ ਦੀ ਖਰਾਬ ਹੋਈ ਫਸਲ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਤਹਿਸੀਲਦਾਰ ਬਠਿੰਡਾ ਸੁਖਬੀਰ ਸਿੰਘ ਬਰਾੜ ’ਤੇ ਫੋਨ ਨਾਂ ਸੁਣਨ ਦੇ ਦੋਸ਼ ਲਗਾਏ। ਅੱਜ ਸਵੇਰ ਤੋਂ ਵਿਭਾਗ ਦੇ ਜੇਈ ਸਾਹਿਲ ਸ਼ਰਮਾ ਆਪਣੀ ਟੀਮ ਨਾਲ ਮਾਈਨਰ ਵਿਚ ਪਏ ਪਾੜ ਨੂੰ ਪੂਰਨ ਲੱਗੇ ਹੋਏ ਸਨ ਅਤੇ ਜੰਗਲਾਤ ਵਿਭਾਗ ਦੀ ਟੀਮ ਵੀ ਜਾਇਜ਼ਾ ਲੈਣ ਲਈ ਪੁੱਜੀ ਹੋਈ ਸੀ।