ਪ੍ਰਸ਼ੋਤਮ ਬੱਲੀ/ਰਵਿੰਦਰ ਰਵੀ
ਬਰਨਾਲਾ, 8 ਜੁਲਾਈ
ਇੱਥੇ ਸੀਐੱਨਜੀ ਪੰਪ ਦੇ ਮੈਨੇਜਰ ਵੱਲੋਂ ਕੀਤੀ ਗਈ ਫਾਇਰਿੰਗ ’ਚ ਇੱਕ ਗੱਡੀ ਵਿੱਚ ਸੀਐੱਨਜੀ ਭਰਵਾਉਣ ਆਇਆ ਗਾਹਕ ਗੰਭੀਰ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਸਥਾਨਕ ਸਿਵਲ ਹਸਪਤਾਲ ਤੋਂ ਦਇਆਨੰਦ ਮੈਡੀਕਲ ਕਾਲਜ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਅੰਮ੍ਰਿਤ ਮਿਸ਼ਠਾਨ ਭੰਡਾਰ ਦਾ ਮਾਲਕ ਤਰਲੋਕ ਸਿੰਘ ਪੁੱਤਰ ਜਾਲਮ ਸਿੰਘ ਵਾਸੀ ਬਰਨਾਲਾ ਸ਼ੁੱਕਰਵਾਰ ਸਵੇਰੇ 9.30 ਵਜੇ ਦੇ ਕਰੀਬ ਆਪਣੀ ਗੱਡੀ ’ਚ ਸੀਐੱਨਜੀ ਗੈਸ ਭਰਵਾਉਣ ਲਈ ਸਥਾਨਕ ਜੌੜੇ ਪੰਪਾਂ ’ਤੇ ਗਿਆ ਸੀ। ਉੱਥੇ ਕਿਸੇ ਗੱਲ ਨੂੰ ਲੈ ਕੇ ਉਸ ਦੀ ਪੰਪ ਦੇ ਕਰਿੰਦੇ ਨਾਲ ਤਕਰਾਰ ਹੋ ਗਈ ਤੇ ਚਾਬੀ ਕੱਢ ਲਏ ਜਾਣ ਕਾਰਨ ਤਰਲੋਕ ਸਿੰਘ ਨੇ ਗੱਡੀ ਪੰਪ ’ਤੇ ਹੀ ਛੱਡ ਦਿੱਤੀ ਅਤੇ ਥਾਣਾ ਸਿਟੀ-1 ਵਿੱਚ ਲਿਖਤੀ ਸ਼ਿਕਾਇਤ ਦੇ ਦਿੱਤੀ ਕਿ ਪੰਪ ਦੇ ਮਾਲਕ ਵੱਲੋਂ ਉਸ ਨੂੰ ਨਾ ਸਿਰਫ਼ ਰਿਵਾਲਵਰ ਦਿਖਾਇਆ ਗਿਆ ਹੈ, ਸਗੋਂ ਉਸ ਨਾਲ ਬਦਸਲੂਕੀ ਵੀ ਕੀਤੀ ਗਈ ਹੈ।
ਦੂਜੇ ਪਾਸੇ ਪੰਪ ਮੈਨੇਜਰ ਸੰਜੂ ਨੇ ਵੀ ਥਾਣਾ ਸਿਟੀ ਵਿੱਚ ਲਿਖ਼ਤੀ ਦਰਖ਼ਾਸਤ ਦੇ ਕੇ ਗੱਡੀ ਦੇ ਮਾਲਕ ’ਤੇ ਪੰਪ ਦੇ ਕਰਿੰਦੇ ਨਾਲ ਧੱਕਾ-ਮੁੱਕੀ ਦੇ ਦੋਸ਼ ਲਗਾਉਂਦਿਆਂ ਕਾਰਵਾਈ ਦੀ ਮੰਗ ਕੀਤੀ। ਇਸ ਤੋਂ ਬਾਅਦ ਪੁਲੀਸ ਨੇ ਦੋਹਾਂ ਵਿਚਾਲੇ ਸਮਝੌਤਾ ਕਰਵਾ ਦਿੱਤਾ ਪਰ ਸਮਝੌਤੇ ਤੋਂ ਬਾਅਦ ਜਦੋਂ ਤਰਲੋਕ ਸਿੰਘ ਪੰਪ ’ਤੇ ਹੀ ਖੜ੍ਹੀ ਆਪਣੀ ਗੱਡੀ ਲੈਣ ਗਿਆ ਤਾਂ ਉੱਥੇ ਪੰਪ ਮੈਨੇਜਰ ਨਾਲ ਉਸ ਦੀ ਮੁੜ ਬਹਿਸ ਹੋ ਗਈ ਤੇ ਮੈਨੇਜਰ ਨੇ ਤਰਲੋਕ ਸਿੰਘ ’ਤੇ ਫਾਇਰਿੰਗ ਕਰ ਦਿੱਤੀ। ਪ੍ਰਤੱਖ਼ਦਰਸ਼ੀਆਂ ਮੁਤਾਬਕ ਪੰਪ ਮੈਨੇਜਰ ਨੇ ਕੁੱਲ ਸੱਤ-ਅੱਠ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਦੋ ਗੋਲੀਆਂ ਪਿੱਠ ’ਤੇ ਲੱਗਣ ਕਾਰਨ ਤਰਲੋਕ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ।
ਡੀਐੱਸਪੀ ਸਤਵੀਰ ਸਿੰਘ ਅਤੇ ਐੱਸਐੱਚਓ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਹੇਠ ਕਰ ਲਿਆ। ਫ਼ਿਲਹਾਲ ਪੰਪ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਅਤੇ ਜ਼ਖ਼ਮੀ ਦੇ ਬਿਆਨਾਂ ’ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।