ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਬੀਤੇ ਦਿਨੀਂ ਸ਼ਹਿਰ ਦੇ ਬੱਸ ਅੱਡੇ ਅੰਦਰ ਖੜ੍ਹੀਆਂ ਬੱਸਾਂ ਨੂੰ ਅਚਾਨਕ ਅੱਗ ਲੱਗਣ ਦੇ ਮਾਮਲੇ ਦੌਰਾਨ ਜਿੰਦਾ ਸੜੇ ਕੰਡਕਟਰ ਦੇ ਮਾਮਲੇ ’ਚ ਥਾਣਾ ਦਿਆਲਪੁਰਾ ਭਾਈਕਾ ਦੀ ਪੁਲੀਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਬੀਤੇ ਵੀਰਵਾਰ ਦੇਰ ਰਾਤ ਸਥਾਨਕ ਬੱਸ ਅੱਡੇ ਵਿੱਚ ਵਾਪਰੇ ਅਗਨੀ ਕਾਂਡ ਵਿੱਚ ਨਿੱਜੀ ਕੰਪਨੀਆਂ ਦੀਆਂ ਚਾਰ ਬੱਸ ਸੜ ਗਈਆਂ ਸਨ ਜਦਕਿ ਇੱਕ ਬੱਸ ਵਿੱਚ ਸੁੱਤੇ ਪਏ ਕੰਡਕਟਰ ਦੀ ਮੌਤ ਹੋ ਗਈ ਸੀ। ਇਸੇ ਦੌਰਾਨ ਫੋਰੈਂਸਿਕ ਸਾਇੰਸ ਯੂਨਿਟ ਦੀ ਟੀਮ ਵੱਲੋਂ ਭਗਤਾ ਭਾਈ ਪਹੁੰਚ ਕੇ ਜਾਂਚ ਕੀਤੀ ਗਈ। ਸਹਾਇਕ ਥਾਣੇਦਾਰ ਰਣਜੀਤ ਸਿੰਘ ਅਨੁਸਾਰ ਬਿਮਲਾ ਦੇਵੀ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ ਲੜਕਾ ਸੁਖਵਿੰਦਰ ਕੁਮਾਰ ਮਾਲਵਾ ਬੱਸ ਕੰਪਨੀ ਵਿੱਚ ਕੰਡਕਟਰ ਵਜੋਂ ਕੰਮ ਕਰਦਾ ਸੀ ਅਤੇ 28 ਅਪਰੈਲ ਦੀ ਰਾਤ ਨੂੰ ਜਦੋਂ ਉਹ ਭਗਤਾ ਭਾਈ ਦੇ ਬੱਸ ਅੱਡੇ ਵਿੱਚ ਇੱਕ ਬੱਸ ’ਚ ਸੌਂ ਰਿਹਾ ਸੀ ਤਾਂ ਇਸ ਦੌਰਾਨ ਬੱਸਾਂ ਨੂੰ ਅਚਾਨਕ ਅੱਗ ਲੱਗਣ ਕਾਰਨ ਵਾਪਰੇ ਅਗਨੀ ਕਾਂਡ ਵਿੱਚ ਉਸ ਦੀ ਮੌਤ ਹੋ ਗਈ।