ਸ਼ਗਨ ਕਟਾਰੀਆ
ਬਠਿੰਡਾ, 14 ਜੂਨ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਹਲਕੇ ਅੰਦਰ ਦਰਜਨ ਥਾਵਾਂ ’ਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਮੁਆਇਨਾ ਕੀਤਾ। ਸਬੰਧਿਤ ਵਿਭਾਗਾਂ ਦੇ ਅਫ਼ਸਰਾਂ ਨੂੰ ਹਦਾਇਤਾਂ ਦਿੱਤੀਆਂ ਕਿ ਨਿਰਮਾਣ ਸਮੱਗਰੀ ਦੀ ਗੁਣਵੱਤਾ ਨਾਲ ਸਮਝੌਤਾ ਨਾ ਕੀਤਾ ਜਾਵੇ ਅਤੇ ਸਾਰੇ ਪ੍ਰਾਜੈਕਟ ਨਿਸ਼ਚਿਤ ਸਮੇਂ ਦੇ ਅੰਦਰ ਹੀ ਤਿਆਰ ਹੋ ਕੇ ਲੋਕਾਂ ਨੂੰ ਅਰਪਿਤ ਕਰ ਦਿੱਤੇ ਜਾਣ।
ਸ੍ਰੀ ਬਾਦਲ ਨੇ ਇੱਥੋਂ ਦੀ ਅਨਾਜ ਮੰਡੀ ਵਿੱਚ 94.25 ਲੱਖ ਰੁਪਏ ਨਾਲ ਬਣੀ ਪੀਣ ਦੇ ਪਾਣੀ ਦੀ ਸਪਲਾਈ ਵਾਲੀ ਟੈਂਕੀ ਦਾ ਉਦਘਾਟਨ ਵੀ ਕੀਤਾ। ਨਗਰ ਨਿਗਮ ਵੱਲੋਂ ਬਰਸਾਤੀ ਪਾਣੀ ਦੇ ਨਿਕਾਸ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਨਿਰੀਖ਼ਣ ਕਰਨ ਲਈ ਵਿੱਤ ਮੰਤਰੀ ਡੀਏਵੀ ਕਾਲਜ ਨੇੜਲੇ ਛੱਪੜ ਅਤੇ ਸੰਜੇ ਨਗਰ ਲਾਗਲੇ ਟੋਭੇ ਨੂੰ ਵੇਖਣ ਲਈ ਵੀ ਪਹੁੰਚੇ। ਉਨ੍ਹਾਂ ਦੱਸਿਆ ਕਿ ਡੀਏਵੀ ਕਾਲਜ ਵਾਲੇ ਛੱਪੜ ਦੀ 77 ਲੱਖ ਰੁਪਏ ਨਾਲ ਚਾਰ-ਦੀਵਾਰੀ ਕੀਤੀ ਜਾ ਰਹੀ ਹੈ ਅਤੇ ਛੱਪੜ ਨੂੰ ਹੋਰ ਡੂੰਘਾ ਕਰਕੇ ਇਸ ਦੇ ਚਾਰੇ ਪਾਸੇ ਪੌਦੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਸੰਜੇ ਨਗਰ ਟੋਭੇ ਦੀ ਜਲ ਭੰਡਾਰ ਸਮਰੱਥਾ ਵਿੱਚ 6 ਗੁਣਾ ਦਾ ਵਾਧਾ ਕਰ ਕੇ, ਇਸ ਨੂੰ 5 ਮਿਲੀਅਨ ਲੀਟਰ ਤੋਂ ਵਧਾ ਕੇ 30 ਮਿਲੀਅਨ ਲੀਟਰ ਕੀਤਾ ਗਿਆ ਹੈ। ਸੜਕਾਂ ਨਾਲ ਸਬੰਧਿਤ ਕੰਮਾਂ ਦੇ ਨਿਰੀਖ਼ਣ ਦੌਰਾਨ ਉਨ੍ਹਾਂ ਪਾਵਰ ਹਾਊਸ ਰੋਡ ਅਤੇ ਗੁਰੂ ਕੀ ਨਗਰੀ ਵਿੱਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਦੱਸਿਆ ਗਿਆ ਕਿ ਪਾਵਰ ਹਾਊਸ ਰੋਡ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਤਹਿਤ ਤਿਆਰ ਹੋ ਰਹੀ ਹੈ ਅਤੇ ਇਸ ’ਤੇ 8.5 ਲੱਖ ਰੁਪਏ ਖਰਚ ਆਉਣਗੇ। ਗੁਰੂ ਕੀ ਨਗਰੀ ਦੀਆਂ ਸੜਕਾਂ ਤੇ ਪ੍ਰੀਮਿਕਸ ਪਾਉਣ ਲਈ ਨਗਰ ਨਿਗਮ 35 ਲੱਖ ਰੁਪਏ ਖਰਚ ਕਰ ਰਹੀ ਹੈ।
ਵਿੱਤ ਮੰਤਰੀ ਨੇ ਧੋਬੀਆਣਾ ਬਸਤੀ ਵਿੱਚ ਬਣ ਰਹੇ ਅਤਿ-ਆਧੁਨਿਕ ਸਹੁਲਤਾਂ ਵਾਲੇ ਸਕੂਲ ਦੇ ਨਿਰਮਾਣ ਦਾ ਵੀ ਜਾਇਜ਼ਾ ਵੀ ਲਿਆ। ਉਹ ਘਨੱਈਆ ਨਗਰ, ਚੰਦਸਰ ਬਸਤੀ, ਹਾਜੀ ਰਤਨ ਸਕੂਲ, ਪੂਜਾ ਵਾਲਾ ਮੁਹੱਲਾ ਸਕੂਲ, ਦੇਸ ਰਾਜ ਸੀਨੀਅਰ ਸੈਕੰਡਰੀ ਸਕੂਲ, ਪਰਸ ਰਾਮ ਨਗਰ ਸਕੂਲ, ਸੀਨੀਅਰ ਸੈਕੰਡਰੀ ਸਕੂਲ ਸੰਜੈ ਨਗਰ ਅਤੇ ਊਧਮ ਸਿੰਘ ਨਗਰ ਦੇ ਸਕੂਲ ਵਿੱਚ ਵੀ ਗਏ ਅਤੇ ਉੱਥੇ ਚੱਲ ਰਹੇ ਬੁਨਿਆਦੀ ਢਾਂਚੇ ਦੇ ਵਿਕਾਸ ਕੰਮਾਂ ਦਾ ਮੁਆਇਨਾ ਕੀਤਾ।
ਕਿਤੇ ਡੋਬਾ-ਕਿਤੇ ਸੋਕਾ
ਮਿੰਨੀ ਸਕੱਤਰੇਤ ਨੇੜੇ ਗਲੀ ਨੰਬਰ ਦੋ ਦੇ ਵਾਸੀਆਂ ਨੇ ਪੀਣ ਵਾਲੇ ਪਾਣੀ ਕਿੱਲਤ ਨੂੰ ਲੈ ਕੇ ਸਰਕਾਰ ਦੀ ਨੁਕਤਾਚੀਨੀ ਕੀਤੀ। ਲੋਕਾਂ ਦਾ ਇਲਜ਼ਾਮ ਸੀ ਕਿ ਗਲੀ ’ਚ ਕਦੇ-ਕਦਾਈਂ ਆਉਂਦੇ ਪਾਣੀ ਦਾ ਕੋਈ ਸਮਾਂ ਨਿਸ਼ਚਿਤ ਨਹੀਂ। ਕਈ ਵਾਰ ਤਾਂ ਝਾਕ ’ਚ ਰਾਤਾਂ ਨੂੰ ਜਾਗਣਾ ਪੈਂਦਾ ਹੈ। ਉਨ੍ਹਾਂ ਆਖਿਆ ਕਿ ਟੈਂਕੀਆਂ ਦੇ ਹੋ ਰਹੇ ਉਦਘਾਟਨਾਂ ਦਾ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਜਦੋਂ ਤੱਕ ਪਾਣੀ ਉਨ੍ਹਾਂ ਦੇ ਘਰ ਤੱਕ ਨਹੀਂ ਪਹੁੰਚਦਾ।