ਪੱਤਰ ਪ੍ਰੇਰਕ
ਮਾਨਸਾ, 24 ਦਸੰਬਰ
ਜ਼ਿਲ੍ਹੇ ਦੇ ਪਿੰਡ ਮੌਜੋ ਕਲਾਂ ਦੇ ਦਲਿਤ ਮੇਵਾ ਸਿੰਘ ਦੇ ਘਰ ਦਾ ਗੇਟ ਵਾਲਾ ਉਲਝਿਆ ਮਾਮਲਾ ਅੱਜ ਉਸ ਵੇਲੇ ਸੁਲਝ ਗਿਆ, ਜਦੋਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਚੱਲ ਰਹੇ ਸੰਘਰਸ਼ ਦੀ ਬਦੌਲਤ ਪ੍ਰਸ਼ਾਸਨ ਅਤੇ ਮੋਹਤਬਰਾਂ ਨੇ ਆਪਸੀ ਗੱਲਬਾਤ ਤੋਂ ਬਾਅਦ ਗੇਟ ਖੁੱਲ੍ਹਵਾ ਦਿੱਤਾ। ਪਹਿਲਾਂ ਇਸ ਗੇਟ ਦੇ ਖੁੱਲ੍ਹਣ ਕਾਰਨ ਪਿੰਡ ਦੀਆਂ ਦੋ ਧਿਰਾਂ ਵਿਚਕਾਰ ਤਣਾਅ ਵੀ ਹੁੰਦਾ ਰਿਹਾ ਹੈ, ਇਸ ਨੂੰ ਦੇਖਦਿਆਂ ਅੱਜ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ ’ਤੇ ਮੌਜੂਦ ਸਨ। ਜਥੇਬੰਦੀ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓਂ ਨੇ ਦੱਸਿਆ ਕਿ ਜਥੇਬੰਦੀ ਨੇ ਮੇਵਾ ਸਿੰਘ ਨਾਲ ਹੋ ਰਹੀ ਨਾ ਇਨਸਾਫ਼ੀ ਖਿਲਾਫ਼ 18 ਦਸੰਬਰ ਤੋਂ ਪਿੰਡ ਵਿਚ ਧਰਨਾ ਲਾਉਣ ਦਾ ਐਲਾਨ ਕੀਤਾ ਸੀ। ਦੂਜੇ ਪਾਸੇ ਪਿੰਡ ਦੇ ਕੁੱਝ ਕੁ ਲੋਕਾਂ ਵੱਲੋਂ ਦੋ ਦਿਨ ਪਹਿਲਾਂ ਹੀ ਮਜ਼ਦੂਰ ਦੇ ਘਰ ਅੱਗੇ ਮੋਰਚਾ ਸ਼ੁਰੂ ਕਰ ਦਿੱਤਾ ਸੀ। 18 ਦਸੰਬਰ ਨੂੰ ਪੀੜਤ ਪਰਿਵਾਰ ਵੱਲੋਂ ਜਥੇਬੰਦੀ ਦੇ ਸਹਿਯੋਗ ਨਾਲ ਬਰਾਬਰ ਧਰਨਾ ਸ਼ੁਰੂ ਕੀਤਾ ਗਿਆ।
ਕਾਮਰੇਡ ਸਮਾਓਂ ਨੇ ਦੱਸਿਆ ਕਿ ਇਸ ਸਮੇਂ ਪ੍ਰਸ਼ਾਸਨ ਵੱਲੋਂ ਡੀਐਸਪੀ ਸੰਜੀਵ ਗੋਇਲ, ਡੀਐਸਪੀ, ਬੀਡੀਪੀਓ ਪਰਭਜੀਤ ਸਿੰਘ ਭੀਖੀ ਵੱਲੋਂ ਲਿਖਤੀ ਵਿਸ਼ਵਾਸ਼ ਦਿਵਾਇਆ ਕਿ 25 ਦਸੰਬਰ ਨੂੰ ਗੇਟ ਖੁੱਲ੍ਹਵਾ ਦਿੱਤਾ ਜਾਵੇ। ਜਥੇਬੰਦੀ ਨੇ ਪ੍ਰਸ਼ਾਸ਼ਨ ਨੂੰ ਪੰਜ ਵਜੇ ਤੋਂ ਪਹਿਲਾਂ-ਪਹਿਲਾਂ ਗੇਟ ਖੋਲ੍ਹਣ ਦੀ ਚਿਤਵਾਨੀ ਦਿੱਤੀ। ਇਸ ਚਿਤਾਵਨੀ ਤੋਂ ਬਾਅਦ ਜਥੇਬੰਦਕ ਆਗੂਆਂ ਨੇ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਖ਼ੁਦ ਗੇਟ ਨੂੰ ਖੋਲ੍ਹਣ ਦੀ ਪ੍ਰਕਿਰਿਆ ਕੀਤੀ। ਇਸੇ ਦੌਰਾਨ ਮਾਨਸਾ ਦੇ ਡੀਐਸਪੀ (ਡੀ) ਸੰਜੀਵ ਗੋਇਲ ਨੇ ਮੰਨਿਆ ਕਿ ਪ੍ਰਸ਼ਾਸਨ ਵੱਲੋ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਗੇਟ ਨੂੰ ਖੁੱਲ੍ਹਵਾ ਦਿੱਤਾ ਗਿਆ ਹੈ।