ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 7 ਸਤੰਬਰ
ਕਰੀਬ ਛੇ ਸਾਲ ਪਹਿਲਾਂ ਆਪਣੇ ਮਾਪਿਆਂ ਤੋਂ ਵਿਛੜੇ ਵਿਨੋਦ ਨੂੰ ਆਖ਼ਰ ਅੱਜ ਆਪਣੇ ਮਾਤਾ-ਪਿਤਾ ਮਿਲੇ। ਲੰਘੇ ਸਾਲਾਂ ’ਚ ਉਸ ਨੇ ਆਪਣੀ ਜ਼ਿੰਦਗੀ ’ਚ ਕਿੰਨਾ ਦਰਦ ਆਪਣੇ ਪਿੰਡੇ ’ਤੇ ਹੰਢਾਇਆ, ਇਸ ਦਾ ਅੰਦਾਜ਼ਾ ਉਸਦੇ ਜ਼ਖ਼ਮਾਂ ਤੇ ਇਕ ਹੱਥ ਤੋਂ ਅਪਾਹਜ ਹੋਣ ਤੋਂ ਲਾਇਆ ਜਾ ਸਕਦਾ ਹੈ। ਵਿਨੋਦ ਦੀ ਦਿਮਾਗੀ ਹਾਲਤ ਇਸ ਸਮੇਂ ਠੀਕ ਨਹੀਂ ਹੈ। ਪੱਤਰਕਾਰਾਂ ਨੇ ਜਦੋਂ ਉਸ ਨੂੰ ਉਸ ਦੇ ਅਤੀਤ ਬਾਰੇ ਪੁੱਛਿਆ ਤਾਂ ਉਹ ਕੁਝ ਨਹੀਂ ਦੱਸ ਸਕਿਆ ਤੇ ਅੱਖਾਂ ਵਿਚੋਂ ਵਗਦਾ ਨੀਰ ਉਸ ਦਾ ਦਰਦ ਬਿਆਨ ਕਰਦਾ ਹੈ।
ਸਥਾਨਕ ਦੁਆਰੇਆਣਾ ਰੋਡ ’ਤੇ ਸਥਿਤ ਇੱਕ ਕੱਚੇ ਜਿਹੇ ਘਰ ਦੀ ਇਹ ਦਰਦ ਭਰੀ ਦਾਸਤਾਨ ਹੈ। ਪਰਿਵਾਰ ਰਾਧਾ ਸੁਆਮੀ ਡੇਰਾ ਬਿਆਸ ਜਾਂਦਾ ਸੀ ਤੇ ਸਾਲ 2015 ਵਿਚ ਪਰਿਵਾਰ ਡੇਰਾ ਬਿਆਸ ਗਿਆ ਤਾਂ ਉਥੋਂ 15 ਸਾਲਾ ਵਿਨੋਦ ਦਾ ਹੱਥ ਮਾਪਿਆਂ ਤੋਂ ਛੁੱਟ ਗਿਆ। ਮਾਪਿਆਂ ਨੇ ਆਪਣੇ ਪੁੱਤ ਦੀ ਬਹੁਤ ਭਾਲ ਕੀਤੀ ਪਰ ਕੋਈ ਥਹੁ-ਪਤਾ ਨਹੀਂ ਲੱਗਿਆ। ਅੰਤ ਦਿਲ ’ਤੇ ਪੱਥਰ ਰੱਖ ਕੇ ਪਰਿਵਾਰ ਸ਼ਾਂਤ ਬਹਿ ਗਿਆ, ਫ਼ੇਰ ਅਚਾਨਕ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਧਾਲੀਵਾਲ ਤੋਂ ਇਕ ਫ਼ੋਨ ਆਉਂਦਾ ਹੈ ਤਾਂ ਅੱਗੋਂ ਸ਼ਬਦ ‘ਮਾਂ’ ਸੁਣ ਕੇ ਬੇਵਸ ਪਰਿਵਾਰ ਦੀਆਂ ਅੱਖਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਪੈਂਦੀ ਹੈ।
ਪਤਾ ਲੱਗਦਾ ਹੈ ਕਿ ਹੁਣ 21 ਸਾਲ ਦਾ ਵਿਨੋਦ ਬਿਰਧ ਆਸ਼ਰਮ ਧਾਲੀਵਾਲ ਵਿੱਚ ਪਿਛਲੇ 9 ਮਹੀਨਿਆਂ ਤੋਂ ਰਹਿ ਰਿਹਾ ਸੀ। ਆਸ਼ਰਮ ਦੇ ਸੇਵਾਦਾਰ ਨਵਨੀਤ ਸਿੰਘ ਮੁਤਾਬਕ ਉਹ ਪਹਿਲਾਂ ਬੰਦੂਆ ਮਜ਼ਦੂਰੀ ਕਰ ਰਿਹਾ ਸੀ, ਉਥੇ ਟੋਕੇ ਵਿਚ ਇਸ ਦਾ ਹੱਥ ਆਉਣ ਇਹ ਅਪਾਹਜ ਹੋ ਗਿਆ। ਇਕ ਦਿਨ ਉਨ੍ਹਾਂ ਨੂੰ ਨਿਰਵਸਤਰ ਅਵਸਥਾ ਵਿਚ ਘੁੰਮਦਾ ਮਿਲਣ ’ਤੇ ਉਸ ਦਾ ਇਲਾਜ ਕਰਵਾਇਆ। ਠੀਕ ਹੋਣ ’ਤੇ ਉਸ ਨੇ ਆਪਣੀ ਪਛਾਣ ਦੱਸੀ। ਆਸ਼ਰਮ ਪ੍ਰਬੰਧਕਾਂ ਨੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਕੇ ਬੱਚਾ ਉਨ੍ਹਾਂ ਤੱਕ ਪਹੁੰਚਾਇਆ।
ਕੈਪਸ਼ਨ: ਕੋਟਕਪੂਰਾ ਵਿਚ ਆਪਣੇ ਮਾਪਿਆਂ ਕੋਲ ਬੈਠਾ ਵਿਨੋਦ।