ਪੱਤਰ ਪ੍ਰੇਰਕ
ਤਲਵੰਡੀ ਸਾਬੋ, 1 ਅਪਰੈਲ
ਪੰਜਾਬ ਪੁਲੀਸ ਦੇ ਸੇਵਾ ਮੁਕਤ ਰੀਡਰ ਅਤੇ ਸਾਬਕਾ ਅਕਾਲੀ ਵਿਧਾਇਕ ਜੀਤਮੁਹਿੰਦਰ ਸਿੰਘ ਸਿੰਘ ਦੀ ਸੱਜੀ ਬਾਂਹ ਮੰਨੇ ਜਾਂਦੇ ਸੀਨੀਅਰ ਅਕਾਲੀ ਆਗੂ ਬਾਬੂ ਸਿੰਘ ਮਾਨ ਦਾ ਅੱਜ ਸਥਾਨਕ ਰਾਮਾਂ ਰੋਡ ਸਥਿੱਤ ਸਮਸ਼ਾਨਘਾਟ ਵਿੱਚ ਸੰਸਕਾਰ ਕਰ ਦਿੱਤਾ ਗਿਆ। ਬਾਬੂ ਸਿੰਘ ਮਾਨ ਜੋ ਪਿਛਲੇ ਕਈ ਮਹੀਨਿਆਂ ਤੋਂ ਬੀਮਾਰ ਸਨ, ਦਾ ਬੀਤੇ ਕੱਲ੍ਹ ਦੇਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦੀ ਅੰਤਿਮ ਯਾਤਰਾ ਸਮੇਂ ਉਨ੍ਹਾਂ ਦੇ ਪੁੱਤਰਾਂ ਤੋਂ ਇਲਾਵਾ ਹਲਕੇ ਸਾਬਕਾ ਅਕਾਲੀ ਵਿਧਾਇਕ ਜੀਤਮੁਹਿੰਦਰ ਸਿੰਘ ਸਿੱਧੂ ਨੇ ਬਾਬੂ ਸਿੰਘ ਦੀ ਅਰਥੀ ਨੂੰ ਮੋਢਾ ਦਿੱਤਾ। ਸਮਸ਼ਾਨਘਾਟ ਵਿੱਚ ਸਸਕਾਰ ਤੋਂ ਪਹਿਲਾਂ ਬਾਬਾ ਅਵਤਾਰ ਸਿੰਘ ਮਸਤੂਆਣਾ ਨੇ ਅਰਦਾਸ ਕੀਤੀ। ਪੰਜਾਬ ਪੁਲੀਸ ਦੀ ਟੁੱਕੜੀ ਵੱਲੋਂ ਰੌਂਦ ਦਾਗ ਕੇ ਅਤੇ ਹਥਿਆਰ ਹੇਠਾਂ ਕਰਕੇ ਸਲਾਮੀ ਦਿੱਤੀ ਗਈ। ਇਸ ਮਗਰੋਂ ਮਰਹੂਮ ਆਗੂ ਦੇ ਪੁੱਤਰਾਂ ਨੇ ਉਨ੍ਹਾਂ ਦੀ ਚਿਤਾ ਨੂੰ ਅਗਨੀ ਦਿਖਾਈ। ਇਸ ਮੌਕੇ ਬਲਬੀਰ ਸਿੰਘ ਸਿੱਧੂ, ਨਵਇੰਦਰ ਸਿੰਘ ਸਿੱਧੂ ਚੇਅਰਮੈਨ ਮਾਰਕੀਟ ਕਮੇਟੀ, ਉੱਘੇ ਸਮਾਜ ਸੇਵੀ ਰਵੀਪ੍ਰੀਤ ਸਿੰਘ ਸਿੱਧੂ, ਧਾਰਮਿਕ ਸਖਸ਼ੀਅਤ ਬਾਬਾ ਛੋਟਾ ਸਿੰਘ ਮਸਤੂਆਣਾ ਸਾਹਿਬ ਨੇ ਸ਼ਰਧਾਂਜਲੀ ਭੇਟ ਕੀਤੀ।