ਪੱਤਰ ਪ੍ਰੇਰਕ
ਤਲਵੰਡੀ ਸਾਬੋ, 22 ਮਈ
ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਨਵੀਂ ਆ ਰਹੀ ਪੰਜਾਬੀ ਫਿਲਮ ‘ਪੀ ਆਰ’ ਵਿਦੇਸ਼ਾਂ ਵਿੱਚ ਜਾ ਰਹੇ ਵਿਦਿਆਰਥੀਆਂ ਨੂੰ ਸੇਧ ਦੇਵੇਗੀ ਤੇ ਹਾਲਾਤ ਨਾਲ ਨਜਿੱਠਣ ਲਈ ਆਪਣੇ ਆਪ ਨੂੰ ਤਿਆਰ ਕਰਨ ਵਾਸਤੇ ਪ੍ਰੇਰਨਾ ਸਰੋਤ ਬਣੇਗੀ। ਫਿਲਮ ਪੀ ਆਰ 27 ਮਈ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਵੇਗੀ। ਇਸ ਫਿਲਮ ਦੇ ਪ੍ਰਚਾਰ ਲਈ ਫਿਲਮ ਦੇ ਕਲਾਕਾਰ ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਪੁੱਜੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮਾਨ ਕਿਹਾ ਕਿ ਅੱਜ ਕੱਲ੍ਹ ਨੌਜਵਾਨ ਪੀੜ੍ਹੀ ਆਪਣੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਧੜਾਧੜ ਵਿਦੇਸ਼ਾਂ ਵੱਲ ਜਾ ਰਹੀ ਹੈ ਪਰ ਉਨ੍ਹਾਂ ਨੂੰ ਵਿਦੇਸ਼ੀ ਹਾਲਾਤ ਅਤੇ ਚੁਣੌਤੀਆਂ ਬਾਰੇ ਪਤਾ ਨਹੀਂ ਹੁੰਦਾ ਜਿਸ ਕਰਕੇ ਉਹ ਵੱਡੀਆਂ ਮੁਸ਼ਕਿਲਾਂ ਵਿੱਚ ਘਿਰ ਜਾਂਦੇ ਹਨ। ਇਹ ਫਿਲਮ ਮਨੋਰੰਜਨ ਕਰਨ ਦੇ ਨਾਲ-ਨਾਲ ਸੇਧ ਵੀ ਦੇਵੇਗੀ।
ਭਗਵੰਤ ਮਾਨ ਦੇ ਸੋਹਲੇ ਗਾਏ
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਗਾਇਕ ਹਰਭਜਨ ਮਾਨ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਪਹਿਲੀ ਵਾਰ ਇਕ ਕਲਾਕਾਰ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈ ਤੇ ਉਹ ਉਨ੍ਹਾਂ ਦੀਆਂ ਉਮੀਦਾਂ ਉੱਤੇ ਖ਼ਰਾ ਉਤਰਨਗੇ। ਇਸ ਮੌਕੇ ਫ਼ਿਲਮ ਦੇ ਡਾਇਰੈਕਟਰ ਮਨਮੋਹਨ ਸਿੰਘ ਤੋਂ ਇਲਾਵਾ ਅਮਰ ਨੂਰੀ, ਦਿਲਵਰ ਆਰੀਆ, ਕਰਮਜੀਤ ਅਨਮੋਲ, ਹਰਵਿੰਦਰ ਮੌਜੂਦ ਸੀ।
ਆਰਥਿਕ ਤੰਗੀਆਂ ਤੋਂ ਜਾਣੂ ਕਰਵਾਉਂਦੀ ਹੈ ਫਿਲਮ
ਸਰਦੂਲਗੜ੍ਹ (ਪੱਤਰ ਪ੍ਰੇਰਕ): ਅਦਾਕਾਰ ਹਰਭਜਨ ਮਾਨ ਆਪਣੀ ਟੀਮ ਸਮੇਤ ਸਰਦੂਲਗੜ੍ਹ ਦੇ ਗੋਲਡਨ ਸਿਨੇਮਾ ਸਰਦੂਲੇਵਾਲਾ ਵਿਖੇ ਦਰਸ਼ਕਾਂ ਦੇ ਰੂਬਰੂ ਹੋਏ। ਇਹ ਪੰਜਾਬੀ ਫ਼ਿਲਮ ਪੰਜਾਬ ਦੇ ਘਰ ਘਰ ਦੀ ਕਹਾਣੀ ਹੈ। ਇਹ ਫਿਲਮ ਆਰਥਿਕ ਹਾਲਾਤਾਂ ਨਾਲ ਜੂਝ ਰਹੀ ਪੀੜ੍ਹੀ ਦੀ ਕਹਾਣੀ ਹੈ।