ਨਿਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 29 ਜੂਨ
ਵਿਆਹੁਤਾ ਲੜਕੀ ਨੂੰ ਦਾਜ ਦੇਹਜ ਮੰਗ ਕੇ ਪ੍ਰੇਸ਼ਾਨ ਕਰਨ ਤੇ ਉਸਦੇ ਕਾਗਜ਼ ਕਬਜ਼ੇ ਰੱਖਣ ’ਤੇ ਥਾਣਾ ਸਿਟੀ ਪੁਲੀਸ ਵੱਲੋਂ ਸੱਸ, ਸਹੁਰਾ ਤੇ ਪਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਕੋਮਲਪ੍ਰੀਤ ਕੌਰ ਪੁੱਤਰੀ ਯਾਦਵਿੰਦਰ ਸਿੰਘ ਵਾਸੀ ਕੈਨਾਲ ਨਿਊ ਰੈਸਟੋਰੈਟ ਵਾਲੀ ਗਲੀ ਮਲੋਟ ਬਠਿੰਡਾ ਬਾਈਪਾਸ ਰੋਡ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਹ ਰਵਿੰਦਰਪ੍ਰੀਤ ਸਿੰਘ ਵਾਸੀ ਪਿੰਡ ਮੀਨਿਆਂਵਾਲੀ (ਫਾਜ਼ਿਲਕਾ) ਨਾਲ ਵਿਆਹੀ ਹੋਈ ਹੈ ਤੇ ਆਈਲੈਟਸ ਦੇ ਟੈਸਟ ਵਿੱਚੋਂ 7 ਬੈਂਡ ਲਏ ਹਨ।
ਉਸਨੇ ਦੱਸਿਆ ਕਿ ਜਦੋਂ ਉਸਦਾ ਕੋਰਸ ਸਬੰਧੀ ਵੀਜ਼ਾ ਕੈਨੇਡਾ ਲਈ ਅਪਲਾਈ ਕੀਤਾ ਗਿਆ ਤਾਂ ਉਸਦੀ ਰਫਿਊਜਲ ਆ ਗਈ। ਦਸੰਬਰ 2021 ਨੂੰ ਸਹੁਰਾ ਪਰਿਵਾਰ ਉਸਦੇ ਪੇਕੇ ਘਰ ਸ੍ਰੀ ਮੁਕਤਸਰ ਸਾਹਿਬ ਆਏ, ਮੇਰੇ ਸਰਟੀਫਿਕੇਟ ਮੇਰੇ ਕੋਲੋਂ ਲੈ ਲਏ ਸੀ। ਜਿਸਤੋਂ ਬਾਅਦ ਮੈਂ ਆਪਣੇ ਸਹੁਰਾ ਪਿੰਡ ਮੀਨਿਆਂਵਾਲੀ ਚਲੀ ਗਈ। ਉਸਨੇ ਦੱਸਿਆ ਕਿ ਉਸਦਾ ਪਤੀ ਰਵਿੰਦਰਪ੍ਰੀਤ ਸਿੰਘ ਤੇ ਸਹੁਰਾ ਮਨਜਿੰਦਰ ਸਿੰਘ ਤੇ ਸੱਸ ਰਾਜਪਾਲ ਕੌਰ ਉਸ ਨਾਲ ਮਾੜਾ ਸਲੂਕ ਕਰਨ ਲੱਗੇ ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਦਾਜ ਦੀ ਮੰਗ ਕੀਤੀ ਗਈ। ਥਾਣਾ ਸਿਟੀ ਮੁਕਤਸਰ ਪੁਲੀਸ ਨੇ ਸ਼ਿਕਾਇਤ ’ਤੇ ਰਵਿੰਦਰਪ੍ਰੀਤ ਸਿੰਘ, ਮਨਜਿੰਦਰ ਸਿੰਘ ਤੇ ਰਾਜਪਾਲ ਕੌਰ ਵਾਸੀਆਨ ਪਿੰਡ ਮੀਨਿਆਂਵਾਲੀ ਖ਼ਿਲਾਫ਼ ਧਾਰਾ 498ਏ, 406,506,34 ਆਈਪੀਸੀ ਤਹਿਤ ਕੇਸ ਦਰਜਜ ਕਰ ਲਿਆ ਹੈ ਜਦੋਂਕਿ ਗ੍ਰਿਫ਼ਤਾਰੀ ਅਜੇ ਬਾਕੀ ਹੈ।