ਇਕਬਾਲ ਸਿੰਘ ਸ਼ਾਂਤ
ਲੰਬੀ, 4 ਸਤੰਬਰ
ਪਾਵਰਕੌਮ ਦੇ ਬੂਹੇ ’ਤੇ ਇੱਕ ਮੁਕੱਦਮਾ ਰੱਦ ਕਰਵਾਉਣ ਨੂੰ ਲਗਾਇਆ ਧਰਨਾ ਇੱਕ ਹੋਰ ਨਵੇਂ ਮੁਕੱਦਮੇ ਦਾ ਮੁੱਢ ਬੱਝ ਗਿਆ। ਲੰਬੀ ਪੁਲੀਸ ਨੇ ਕੋਵਿਡ ਦੀਆਂ ਧਾਰਾਵਾਂ ਤਹਿਤ ਭਾਕਿਯੂ ਏਕਤਾ ਉਗਰਾਹਾਂ ਦੇ ਚਾਰ ਆਗੂਆਂ ਸਮੇਤ 25-30 ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਦਰਅਸਲ ਬੀਤੀ ਵੀਹ ਅਗਸਤ ਨੂੰ ਫਰੀਦਕੋਟ ਕੋਟਲੀ ’ਚ ਪਾਵਰਕਾਮ ਅਮਲੇ ਦੀ ਛਾਪੇਮਾਰੀ ਦੌਰਾਨ ਗੁਰਮੇਲ ਸਿੰਘ, ਉਸਦੇ ਪੁੱਤਰ ਅਤੇ ਪਤਨੀ ਨਾਲ ਹੋਏ ਵਿਵਾਦ ਕਰਨ ਖਿਲਾਫ਼ ਸੰਗੀਨ ਅੱਠ ਧਾਰਾਵਾਂ ਤਹਿਤ ਥਾਣਾ ਨੰਦਗੜ ’ਚ ਮੁਕੱਦਮਾ ਦਰਜ ਹੋਇਆ ਸੀ। ਉਸੇ ਪਰਚੇ ਨੂੰ ਰੱਦ ਕਰਵਾਉਣ ਲਈ ਭਾਕਿਯੂ ਏਕਤਾ ਉਗਰਾਹਾਂ ਨੇ ਕੱਲ ਪਾਵਰਕਾਮ ਬਾਦਲ ਦੇ ਡਵੀਜਨਲ ਦਫ਼ਤਰ ਮੂਹਰੇ ਧਰਨਾ ਲਗਾਇਆ ਸੀ।
ਪੁਲੀਸ ਨੇ ਕੋਵਿਡ ਦੇ ਨਿਯਮਾਂ ਤਹਿਤ ਸਮਾਜਿਕ ਦੂਰੀ ਅਤੇ ਮਾਸਕ ਵਗੈਰਾ ਨਾ ਪਹਿਨਣ ਦੇ ਦੋਸ਼ਾਂ ਤਹਿਤ ਭਾਕਿਯੂ ਏਕਤਾ ਉਗਰਾਹਾਂ ਦੇ ਆਗੂਆਂ ਨੂੰ ਕਾਨੂੰਨੀ ਕਾਰਵਾਈ ਕੀਤੀ, ਜਿਸ ਤਹਿਤ ਬਲਾਕ ਸੰਗਤ ਦੇ ਪ੍ਰਧਾਨ ਕੁਲਵੰਤ ਰਾਏ, ਬਲਾਕ ਲੰਬੀ ਦੇ ਗੁਰਪਾਸ ਸਿੰਘ, ਭਾਕਿਯੂ ਬਲਾਕ ਲੰਬੀ ਦੇ ਮੀਤ ਪ੍ਰਧਾਨ ਦਿਲਜੀਤ ਸਿੰਘ ਮਿਠੜੀ, ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਚੰਨੂ ਅਤੇ 25/30 ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 188,269 ਅਤੇ 270 ਤਹਿਤ ਮੁਕੱਦਮਾ ਦਰਜ ਕੀਤਾ ਹੈ। ਜਨਤਕ ਜਥੇਬੰਦੀਆਂ ਨੇ ਇਸ ਕਾਰਵਾਈ ਨੂੰ ਆਵਾਜ਼ ਬੁਲੰਦ ਕਰਨ ਦੇ ਹੱਕ ਦਾ ਘਾਣ ਦੱਸਦੇ ਅਜਿਹੇ ਮੁਕੱਦਮਿਆਂ ਨੂੰ ਤੁਰੰਤ ਖਾਰਜ ਕਰਨ ਦੀ ਮੰਗ ਕੀਤੀ ਹੈ।