ਇਕਬਾਲ ਸਿੰਘ ਸ਼ਾਂਤ
ਲੰਬੀ/ਡੱਬਵਾਲੀ, 24 ਅਕਤੂਬਰ
ਖੇਤੀ ਬਿੱਲਾਂ ਪ੍ਰਤੀ ਲੋਕ ਸੰਘਰਸ਼ਾਂ ਤਹਿਤ ਮੌਜੂਦਾ ਬਦੀ ਦੀ ਤਿੱਕੜੀ ਖ਼ਿਲਾਫ਼ ਲੋਕ ਸੰਘਰਸ਼ ਦਾ ਰੋਸ ਭਰਪੂਰ ਦਸਹਿਰਾ ਰਵਾਇਤੀ ਖਰਚੀਲੇ ਦਸਹਿਰਿਆਂ ’ਤੇ ਤਨਜ਼ ਕੱਸਦਾ ਹੈ। ਭਾਕਿਯੂ ਏਕਤਾ ਉਗਰਾਹਾਂ ਵੱਲੋਂ ਮੰਡੀ ਕਿੱਲਿਆਂਵਾਲੀ-ਡੱਬਵਾਲੀ ’ਚ ਫੂਕਿਆ ਜਾਣ ਵਾਲਾ 25 ਫੁੱਟ ਉੱਚਾ ਬੁੱਤ ਸਿਰਫ਼ ਪੰਜ ਹਜ਼ਾਰ ਰੁਪਏ ਵਿਚ ਬਣਿਆ ਹੈ।
ਸਰਕਾਰਾਂ ਨੂੰ ਜਗਾਉਣ ਲਈ ਸਿਰਜਿਆ ਵਾਤਾਵਰਨ ਪੱਖੀ ਬੁੱਤ ਪਟਾਖਿਆਂ ਦੇ ਸ਼ੋਰ-ਸ਼ਰਾਬੇ ਤੋਂ ਰਹਿਤ ਅਤੇ ਅਖੌਤੀ ਭੌਤਿਕ ਚਮਕ-ਦਮਕ ਤੋਂ ਕੋਹਾਂ ਦੂਰ ਹੈ। ਇਸ ਵਿਚੋਂ ਮੌਜੂਦਾ ਵੱਡੇ ਘਰਾਣਿਆਂ ਅਤੇ ਮਾਰੂ ਸਿਆਸੀ ਚਾਲਾਂ ਖਿਲਾਫ਼ ਸੰਘਰਸ਼ ਦਾ ਜਲੌਅ ਝਲਕਾਰੇ ਮਾਰਦਾ ਹੈ। ਭਾਕਿਯੂ ਨੇ ਇਹ ਬੁੱਤ ਬਣਾਉਣ ਲਈ ਅਧਿਆਪਕ ਜਥੇਬੰਦੀਆਂ ਦੇ ਤਜਰਬੇ ਦਾ ਲਾਹਾ ਲਿਆ ਹੈ, ਜਿਸ ਨੂੰ ਅਧਿਆਪਕਾਂ ਦੇ ਸਹਿਯੋਗ ਨਾਲ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਅੰਤਿਮ ਛੋਹਾਂ ਦਿੱਤੀਆਂ ਗਈਆਂ। ਬੁੱਤ ਬਣਾਉਣ ਵਾਲੇ ਮਜ਼ਦੂਰਾਂ ਨੇ ਜਥੇਬੰਦੀ ਤੋਂ 15 ਹਜ਼ਾਰ ਰੁਪਏ ਮਿਹਨਤਾਨਾ ਮੰਗਿਆ ਸੀ ਪਰ ਮਜ਼ਦੂਰਾਂ-ਕਿਸਾਨਾਂ ਨੇ ਖਰਚੇ ਬਚਾਉਣ ਲਈ ਖ਼ੁਦ ਬੁੱਤ ਬਣਾਉਣ ਦਾ ਨਿਰਣਾ ਲਿਆ।
ਬੁੱਤ ਬਣਾਉਣ ਦੇ ਬੱਜਟ ’ਚ ਬੱਚਤ ਨੂੰ ਚੰਗੀ ਕਾਰਗੁਜ਼ਾਰੀ ਦੱਸਦੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸੇਵੇਵਾਲਾ ਨੇ ਕਿਹਾ ਕਿ ਜਥੇਬੰਦੀਅਆਂ ਦਾ ਮਕਸਦ ਬੁੱਤ ਸਾੜ ਕੇ ਧੂੰਏਂ ’ਚ ਪੈਸੇ ਉਡਾਉਣਾ ਨਹੀਂ, ਬਲਕਿ ਸਰਕਾਰ ਨੂੰ ਜਗਾਉਣਾ ਹੈ। ਜ਼ਿਕਰਯੋਗ ਹੈ ਕਿ ਕਰੋਨਾ ਕਾਰਨ ਡੱਬਵਾਲੀ ਸ਼ਹਿਰ ’ਚ ਦਸਹਿਰਾ ਨਹੀਂ ਮਨਾਇਆ ਜਾ ਰਿਹਾ। ਜਥੇਬੰਦੀਆਂ ਦੇ ਦਸਹਿਰੇ ਵਿਚ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ਼ ਭਰਵਾਂ ਇਕੱਠ ਹੋਣ ਦੀ ਉਮੀਦ ਹੈ। ਇਸ ਮੌਕੇ ਮਦਾਰੀ ਨਾਟਕ ਵੀ ਖੇਡਿਆ ਜਾਵੇਗਾ।