ਬਲਜੀਤ ਸਿੰਘ
ਸਰਦੂਲਗੜ੍ਹ, 18 ਫਰਵਰੀ
ਵੀਹ ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਸਾਰੇ ਹੀ ਉਮੀਦਵਾਰਾਂ ਨੇ ਪੂਰਾ ਜ਼ੋਰ ਲਗਾ ਕੇ ਚੋਣ ਪ੍ਰਚਾਰ ਕੀਤਾ। ਅੱਜ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਆਪੋ-ਆਪਣੀ ਪੂਰੀ ਵਾਹ ਲਗਾ ਕੇ ਉਮੀਦਵਾਰਾਂ ਨੇ ਵੋਟਰਾਂ ਨੂੰ ਆਪਣੇ ਵੱਲ ਭਰਮਾਉਣ ਦੀ ਕੋਸ਼ਿਸ਼ ਕੀਤੀ। ਹਲਕਾ ਸਰਦੂਲਗੜ੍ਹ ਤੋਂ ਕਾਂਗਰਸ ਪਾਰਟੀ ਵੱਲੋਂ ਬਿਕਰਮ ਸਿੰਘ ਮੋਫਰ, ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿਲਰਾਜ ਸਿੰਘ ਭੂੰਦੜ ਅਤੇ ਆਮ ਆਦਮੀ ਪਾਰਟੀ ਵੱਲੋਂ ਗੁਰਪ੍ਰੀਤ ਸਿੰਘ ਬਣਾਂਵਾਲੀ ਚੋਣ ਮੈਦਾਨ ਵਿੱਚ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬਲਦੇਵ ਸਿੰਘ ਸਾਹਨੇਵਾਲੀ, ਸੀਪੀਆਈ ਐਮ ਵੱਲੋਂ ਕੁਲਵਿੰਦਰ ਸਿੰਘ ਉਡਤ, ਸੀਪੀਆਈ ਐਮਐਲ ਲਬਿਰੇਸ਼ਨ ਵੱਲੋਂ ਗੁਰਮੀਤ ਸਿੰਘ ਨੰਦਗੜ੍ਹ, ਭਾਜਪਾ ਵੱਲੋਂ ਜਗਜੀਤ ਸਿੰਘ ਮਿਲਖਾ, ਜੈ ਜਵਾਨ ਜੈ ਕਿਸਾਨ ਵੱਲੋਂ ਗੁਰਦੀਪ ਸਿੰਘ, ਸੰਯੁਕਤ ਸਮਾਜ ਮੋਰਚੇ ਵੱਲੋਂ ਛੋਟਾ ਸਿੰਘ ਮੀਆਂ, ਆਜ਼ਾਦ ਉਮੀਦਵਾਰ ਗੁਰਸੇਵਕ ਸਿੰਘ ਫੱਤਾ ਮਾਲੋਕਾ, ਚੇਤ ਰਾਮ, ਜਸਵਿੰਦਰ ਸਿੰਘ ਅਤੇ ਪ੍ਰਦੀਪ ਸਿੰਘ ਆਪਣੀ ਕਿਸਮਤ ਅਜ਼ਮਾ ਰਹੇ ਹਨ। ਹਲਕਾ ਸਰਦੂਲਗੜ੍ਹ ਤੋਂ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਿੱਚ ਫਸਵਾਂ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। ਬੇਸ਼ੱਕ ਹਲਕਾ ਸਰਦੂਲਗੜ੍ਹ ਵਿੱਚ ਮੋਫਰ ਅਤੇ ਭੂੰਦੜ ਪਰਿਵਾਰ ਦਾ ਹੀ ਦਬਦਬਾ ਰਿਹਾ ਹੈ ਪਰ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਸੁਖਵਿੰਦਰ ਸਿੰਘ ਭੋਲਾ ਮਾਨ ਵੱਲੋਂ 38000 ਵੋਟਾਂ ਲੈ ਕੇ ਦੋਵੇਂ ਰਵਾਇਤੀ ਪਾਰਟੀਆਂ ਦੇ ਵੋਟ ਬੈਂਕ ਨੂੰ ਸੰਨ੍ਹ ਲਗਾ ਦਿੱਤਾ ਸੀ। ਇਸ ਵਾਰ ਆਮ ਆਦਮੀ ਪਾਰਟੀ ਨੇ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਇਸ ਕਾਰਨ ਹਲਕਾ ਸਰਦੂਲਗੜ੍ਹ ਦਾ ਮੁਕਾਬਲਾ ਤਿਕੋਨਾ ਹੋ ਗਿਆ ਹੈ। ਆਪ ਉਮੀਦਵਾਰ ਬੇਸ਼ੱਕ ਮੁਕਾਬਲੇ ਵਿੱਚ ਆ ਗਿਆ ਹੈ ਪਰ ਮੋਫਰ ਅਤੇ ਭੂੰਦੜ ਪਰਿਵਾਰ ਨੂੰ ਹਰਾ ਪਾਉਣਾ ਉਸ ਲਈ ਆਸਾਨ ਨਹੀਂ ਹੋਵੇਗਾ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਇਹ ਦੋਵੇਂ ਪਰਿਵਾਰ ਲੋਕਾਂ ਦੇ ਨਿੱਜੀ ਅਤੇ ਸਾਂਝੇ ਕੰਮ ਕਰਦੇ ਆ ਰਹੇ ਹਨ। ਕਾਂਗਰਸੀ, ਅਕਾਲੀ ਅਤੇ ਆਪ ਦੇ ਉਮੀਦਵਾਰ ਆਪੋ-ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ ਪਰ ਹਲਕੇ ਦੇ ਕੁਝ ਵੋਟਰ ਚੁੱਪ ਬੈਠੇ ਹਨ ਉਹ ਆਪਣੇ ਮਨ ਦੀ ਗੱਲ ਬਾਹਰ ਨਹੀਂ ਕੱਢ ਰਹੇ। ਉਨ੍ਹਾਂ ਇਸ ਵਾਰ ਕੀ ਮਨ ਬਣਾ ਰੱਖਿਆ ਹੈ ਇਹ ਤਾਂ ਦਸ ਮਾਰਚ ਨੂੰ ਹੀ ਪਤਾ ਲੱਗੇਗਾ।