ਰਵਿੰਦਰ ਰਵੀ
ਬਰਨਾਲਾ, 24 ਦਸੰਬਰ
ਅਨਾਜ ਮੰਡੀ ਰੋਡ ’ਤੇ ਸੈਨੀਟੇਸ਼ਨ ਦਫ਼ਤਰ ਲਾਗੇ ਰਹਿਣ ਵਾਲੇ ਲੋਕ ਪਿਛਲੇ 15 ਸਾਲਾਂ ਤੋਂ ਕੂੜੇ ਦੀ ਬਦਬੂ ਨਾਲ ਜੂਝ ਰਹੇ ਸਨ। ਅੱਜ ਵਾਰਡ ਦੇ ਸਾਬਕਾ ਕੌਂਸਲਰ ਰਘਵੀਰ ਪ੍ਰਕਾਸ਼ ਦੇ ਉੱਦਮ ਸਦਕਾ 15 ਸਾਲ ਪੁਰਾਣੇ ਕੂੜਾ ਡੰਪ ਨੂੰ ਚੁੱਕਵਾ ਕੇ ਕੂੜਾ ਨਾ ਸੁੱਟਣ ਦਾ ਚਿਤਾਵਨੀ ਬੋਰਡ ਲਗਾ ਦਿੱਤਾ ਗਿਆ ਹੈ। ਸਮਾਜਸੇਵੀ ’ਤੇ ਭਾਜਪਾ ਆਗੂ ਨਰਿੰਦਰ ਗਰਗ ਨੀਟਾ ਨੇ ਦੱਸਿਆ ਕਿ ਵਾਰਡ ਦੇ ਲੋਕਾਂ ਵੱਲੋਂ ਕਈ ਵਾਰ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਮਿਲ ਕੇ ਕੂੜਾ ਡੰਪ ਨੂੰ ਚੁੱਕਣ ਦੀ ਅਪੀਲ ਕੀਤੀ ਗਈ ਪਰ ਹਰ ਵਾਰ ਲਾਰਿਆਂ ਤੋਂ ਬਿਨਾਂ ਪੱਲੇ ਕੁੱਝ ਨਹੀਂ ਪਿਆ। ਉਨ੍ਹਾਂ ਦੱਸਿਆ ਕਿ ਸਾਬਕਾ ਕੌਂਸਲਰ ਰਘਵੀਰ ਪ੍ਰਕਾਸ਼ ਨੇ ਵਿਸ਼ੇਸ ਉਪਰਾਲਾ ਕਰਦਿਆਂ ਅਨਾਜ ਮੰਡੀ ਰੋਡ ’ਤੇ ਗਲੀ ਨੰਬਰ 3 ਦੇ ਸਾਹਮਣੇ ਲੱਗੇ ਕੂੜਾ ਡੰਪ ਚੁਕਵਾ ਕੇ ਪੱਕੀ ਤਾਰਬੰਦੀਂ ਕਰਵਾ ਦਿੱਤੀ ਗਈ।
ਵਾਰਡਵਾਸੀਆਂ ਨੇ ਦੱਸਿਆ ਕਿ ਵਾਰਡ ਦੇ ਕੌਂਸਲਰ ਰਘਵੀਰ ਪ੍ਰਕਾਸ਼ ਅਤੇ ਉਸ ਦੇ ਪੁੱਤਰ ਨਰਿੰਦਰ ਨੀਟਾ ਨੇ ਪਿਛਲੇ ਪੰਜ ਸਾਲਾਂ ’ਚ ਵਿਕਾਸ ਕਾਰਜਾਂ ਤੋਂ ਇਲਾਵਾ ਲੋਕਾਂ ਦੇ ਕੌਂਸਲਰ ਨਾਲ ਸਬੰਧਿਤ ਕੰਮ ਵੀ ਪਹਿਲ ਦੇ ਆਧਾਰ ’ਤੇ ਕਰਵਾਏ ਹਨ। ਵਾਰਡ ਵਾਸੀ ਰਾਕੇਸ ਕੁਮਾਰ ਉਰਫ਼ ਬਬਲੀ ਗੌਰਵ ਕੁਮਾਰ ਮਨੀਸ਼ ਕੁਮਾਰ ਅਤੇ ਪ੍ਰਵੀਨ ਕੁਮਾਰ ਨੇ ਸਾਬਕਾ ਕੌਂਸਲਰ ਵੱਲੋਂ ਕੂੜਾ ਡੰਪ ਚੁੱਕਵਾਏ ਜਾਣ ਦੀ ਸਲਾਘਾ ਕਰਦਿਆਂ ਕਿਹਾ ਕਿ ਕੂੜਾ ਡੰਪ ਨਾਲ ਫੈਲਦੀ ਬਦਬੂ ਤੋਂ ਛੁਟਕਾਰਾ ਤਾਂ ਮਿਲੇਗਾ ਹੀ ਸਗੋਂ ਬਿਮਾਰੀਆਂ ਫੈਲਣ ਤੋਂ ਵੀ ਬਚਾਅ ਹੋ ਗਿਆ।