ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 16 ਜੁਲਾਈ
ਇਲਾਕੇ ਵਿੱਚ ਅੱਜ ਦੂਜੇ ਦਿਨ ਭਾਰੀ ਬਾਰਸ਼ ਪੈਣ ਕਾਰਨ ਖੇਤਾਂ ’ਚ ਪਾਣੀ ਭਰ ਗਿਆ ਹੈ ਤੇ ਸੈਂਕੜੇ ਏਕੜ ਰਕਬੇ ਵਿੱਚ ਫਸਲਾਂ ਡੁੱਬ ਗਈਆਂ ਹਨ। ਮੀਂਹ ਕਾਰਨ ਵੱਡੀ ਗਿਣਤੀ ਮਕਾਨਾਂ, ਪਸ਼ੂਆਂ ਦੇ ਵਾੜੇ ਅਤੇ ਦੁਕਾਨਾਂ ਦਾ ਨੁਕਸਾਨ ਹੋਇਆ ਹੈ, ਜਦੋਂ ਕਿ ਪਿੰਡ ਉਦੇਕਰਣ ਲਾਗੇ ਨਰਮੇ ਦੀ ਫਸਲ ਵਿੱਚ ਪਾਣੀ ਖੜ੍ਹ ਗਿਆ ਹੈ| ਅਟਾਰੀ ਲਾਗੇ ਇਕ ਪਾਸੇ ਸੜਕ ਵੱਢਣ ਕਰਕੇ ਪਾਣੀ ਦੂਜੇ ਪਾਸੇ ਇਕੱਠਾ ਹੋ ਗਿਆ ਹੈ| ਕਿਸਾਨਾਂ ਦੀ ਮੰਗ ਹੈ ਕਿ ਮਗਰੋਂ ਆ ਰਿਹਾ ਪਾਣੀ ਅੱਗੇ ਚੱਲਦਾ ਕਰਨ ਦਾ ਪ੍ਰਬੰਧ ਕੀਤਾ ਜਾਵੇ| ਮੁਕਤਸਰ ਦੇ ਭੂਮੀ ਰੱਖਿਆ ਦਫਤਰ, ਖਜ਼ਾਨਾ ਦਫਤਰ ਤੇ ਸਿਵਲ ਸਰਜਨ ਦਫਤਰ ਵਿੱਚ ਵੀ ਪਾਣੀ ਵੜ ਗਿਆ|
ਗਿੱਦੜਬਾਹਾ(ਪੱਤਰ ਪ੍ਰੇਰਕ): ਬੀਤੇ ਦਿਨ ਹੋਈ ਭਾਰੀ ਬਾਰਸ਼ ਕਾਰਨ ਪਿੰਡ ਲੁੰਡੇਵਾਲਾ ਅਤੇ ਬਾਦੀਆਂ ਦੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੁਮਿੰਦਰ ਸਿੰਘ, ਸੱਤਪਾਲ ਸਿੰਘ, ਗੁਰਲਾਲ ਸਿੰਘ ,ਗੁਰਪਾਲ ਸਿੰਘ ਅਮਰਜੀਤ ਸਿੰਘ , ਬਲਜੀਤ ਸਿੰਘ, ਜਸਵਿੰਦਰ ਸਿੰਘ, ਮਲਕੀਤ ਸਿੰਘ ,ਮੰਗਾ ਸਿੰਘ ,ਰੌਣਕ ਸਿੰਘ ਆਦਿ ਨੇ ਦੱਸਿਆ ਕਿ ਅਕਾਲੀ ਸਰਕਾਰ ਵੇਲੇ ਵੱਡੇ ਪੱਧਰ ’ਤੇ ਸੇਮ ਨਾਲੇ ਬਣਾਏ ਗਏ ਪਰ ਇਨ੍ਹਾਂ ਨਾਲਿਆਂ ਦੀ ਸਹੀ ਨਿਕਾਸੀ ਨਹੀਂ ਹੋਈ। ਉਚਾਣ ਵੱਲ ਜਾਣ ਕਾਰਨ ਨਾਲੇ ਓਵਰਫਲੋਅ ਹੋ ਕੇ ਫਸਲਾਂ ਤਬਾਹ ਕਰ ਰਹੇ ਹਨ। ਪਾਣੀ ਘਰਾਂ ਵਿਚ ਵੜ ਰਿਹਾ ਹੈ। ਇਨ੍ਹਾਂ ਪਿੰਡਾਂ ਨੂੰ ਇਸ ਕਰਕੇ ਬਾਰਸ਼ ਦੇ ਪਾਣੀ ਦੀ ਮਾਰ ਝੱਲਣੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਬਾਰਸ਼ ਕਾਰਨ ਨਰਮਾ, ਝੋਨਾ ਅਤੇ ਮੂੰਗੀ ਦੀ ਫਸਲ ਤਬਾਹ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਫਸਲਾਂ ਅਤੇ ਘਰਾਂ ਨੂੰ ਬਚਾਉਣ ਲਈ ਜਲਦ ਤੋਂ ਜਲਦ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ।