ਜੋਗਿੰਦਰ ਸਿੰਘ ਮਾਨ
ਮਾਨਸਾ, 22 ਅਗਸਤ
ਮਾਲਵਾ ਖੇਤਰ ਵਿੱਚ ਹੁਣ ਜਦੋਂ ਚਿੱਟੀ ਮੱਖੀ-ਗੁਲਾਬੀ ਸੁੰਡੀ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਤੇ ਕਿਸਾਨਾਂ ਨੂੰ ਰੋਜ਼ਾਨਾ ਨਰਮੇ ਉਪਰ ਛਿੜਕਾਅ ਲਈ ਦਵਾਈ ਖਰੀਦਣੀ ਪੈ ਰਹੀ ਹੈ, ਉਸ ਵੇਲੇ ਖੇਤੀਬਾੜੀ ਮਹਿਕਮੇ ਖਿਲਾਫ਼ ਅੰਦੋਲਨ ਆਰੰਭਦਿਆਂ ਖਾਦ, ਬੀਜ ਅਤੇ ਕੀਟਨਾਸ਼ਕ ਵਿਕਰੇਤਾਵਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਹਨ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ। ਇਲਾਕੇ ਵਿੱਚ ਪਹਿਲੀ ਵਾਰ ਕੀਟਨਾਸ਼ਕ ਵਿਕਰੇਤਾਵਾਂ ਨੇ ਆਪਣੀ ਇੱਕਮੁੱਠਤਾ ਵਿਖਾਉਂਦਿਆਂ ਦੁਕਾਨਾਂ ਨੂੰ ਅੱਜ ਸਾਰਾ ਦਿਨ ਜਿੰਦਰੇ ਲਗਾਈ ਰੱਖੇ। ਉਧਰ, ਬਹੁਤੇ ਦੁਕਾਨਦਾਰਾਂ ਨੇ ਅੱਜ ਮੋਹਾਲੀ ਵਿੱਚ ਖੇਤੀਬਾੜੀ ਵਿਭਾਗ ਦੇ ਦਫ਼ਤਰ ਸਾਹਮਣੇ ਰਾਜ ਪੱਧਰੀ ਧਰਨਾ ਦੇਣ ਲਈ ਮਾਲਵਾ ਖੇਤਰ ਦੇ ਵੱਖ-ਵੱਖ ਜ਼ਿਲ੍ਹਿਆਂ ’ਚੋਂ ਕੂਚ ਕੀਤਾ।
ਭੀਮ ਸੈਨ ਜਿੰਦਲ ਅਤੇ ਤਰਸੇਮ ਚੰਦ ਮਿੱਢਾ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਹਰ ਸਾਲ ਹਾੜੀ ਅਤੇ ਸਾਉਣੀ ਸੀਜ਼ਨ ਦੌਰਾਨ ਖਾਦ, ਬੀਜ ਅਤੇ ਕੀਟਨਾਸ਼ਕ ਵੇਚਣ ਵਾਲਿਆਂ ਦੀਆਂ ਦੁਕਾਨਾਂ ’ਤੇ ਛਾਪੇਮਾਰੀ ਕਰਕੇ ਦੁਕਾਨਦਾਰਾਂ ਨੂੰ ਬੇਲੋੜੇ ਕਾਨੂੰਨਾਂ ਵਿੱਚ ਉਲਝਾਇਆ ਜਾ ਰਿਹਾ ਹੈ, ਜਦੋਂ ਕਿ ਉਹ ਦਵਾਈਆਂ ਅਤੇ ਖਾਦ ਵੇਚਣ ਵਾਲੇ ਹਨ। ਇਹ ਦਵਾਈਆਂ ਅਤੇ ਖਾਦਾਂ ਉਨ੍ਹਾਂ ਨੂੰ ਸੀਲ ਬੰਦ ਆਉਂਦੀਆਂ ਹਨ ਅਤੇ ਅੱਗੇ ਉਹ ਕਿਸਾਨਾਂ ਨੂੰ ਇਉਂ ਹੀ ਵੇਚ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦਵਾਈ ਦਾ ਸੈਂਪਲ ਫੇਲ੍ਹ ਹੁੰਦਾ ਹੈ ਜਾਂ ਉਸਦੇ ਛਿੜਕਾਅ ਨਾਲ ਕਿਸੇ ਕਿਸਾਨ ਭਰਾ ਦੀ ਫ਼ਸਲ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਦਵਾਈਆਂ ਬਣਾਉਣ ਵਾਲੀ ਫੈਕਟਰੀ ਉਤੇ ਕਾਰਵਾਈ ਕੀਤੀ ਜਾਦੀ ਚਾਹੀਦੀ ਹੈ ਨਾ ਕਿ ਇਸ ਮਾਮਲੇ ਵਿੱਚ ਦੁਕਾਨਦਾਰ ਨੂੰ ਘੜੀਸਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਮਹਿਕਮਾ ਹਰ ਵਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਕੇ ਡੀਲਰਾਂ ਨਾਲ ਧੱਕਾ ਕਰਦਾ ਆ ਰਿਹਾ ਹੈ ਅਤੇ ਡੀਲਰਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਣ ਤੋਂ ਕੰਨੀ ਕਤਰਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਉਨ੍ਹਾਂ ਨੂੰ ਨਾਜਾਇਜ਼ ਤੰਗ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਸੰਯੁਕਤ ਡਾਇਰੈਕਟਰ ਵੱਲੋਂ ਦੁਕਾਨਦਾਰਾਂ ਦੀਆਂ ਮੰਗਾਂ ਮੰਨਣ ਸਬੰਧੀ ਭਰੋਸਾ ਦਿੱਤਾ ਗਿਆ ਹੈ, ਪਰ ਜੇਕਰ ਇਸ ਨੂੰ ਲਾਗੂ ਕਰਨ ਵਿੱਚ ਕਿਸੇ ਤਰ੍ਹਾਂ ਦਾ ਕਿੰਤੂ ਪ੍ਰੰਤੂ ਕੀਤਾ ਗਿਆ ਤਾਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵੱਲੋਂ ਮੁੜ ਸੂਬਾ ਪੱਧਰੀ ਹੜਤਾਲ ਕੀਤੀ ਜਾਵੇਗੀ।