ਪਰਮਜੀਤ ਸਿੰਘ
ਫਾਜ਼ਿਲਕਾ, 24 ਅਗਸਤ
ਪੰਜਾਬ ਸਟੂਡੈਂਟਸ ਯੂਨੀਅਨ ਨੇ ਐਮ.ਆਰ. ਸਰਕਾਰੀ ਕਾਲਜ ਫਾਜ਼ਿਲਕਾ ਵੱਲੋਂ ਦਲਿਤ ਵਿਦਿਆਰਥੀਆਂ ਦੇ ਖਾਤੇ ’ਚ ਸਕਾਲਰਸ਼ਿਪ ਆਉਣ ਤੋਂ ਪਹਿਲਾਂ ਹੀ ਪੂਰੀ ਫੀਸ ਮੰਗੇ ਜਾਣ ਅਤੇ ਪੰਜਾਬ ਯੂਨੀਵਰਸਿਟੀ ਵੱਲੋਂ ਫੀਸਾਂ ’ਚ ਕੀਤੇ ਗਏ 10 ਫੀਸਦੀ ਵਾਧੇ ਦੇ ਵਿਰੋਧ ਵਿੱਚ ਅੱਜ ਵਿਧਾਇਕ ਦੇ ਦਫ਼ਤਰ ਦਾ ਘਿਰਾਓ ਕੀਤਾ। ਵਿਦਿਆਰਥੀਆਂ ਨੇ ਕਾਲਜ ਦੇ ਮੇਨ ਗੇਟ ਅੱਗੇ ਪੱਕਾ ਧਰਨਾ ਵੀ ਲਾਇਆ ਹੋਇਆ ਜੋ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਵਿਦਿਆਰਥੀਆਂ ਨੇ ਅੱਜ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਰੋਸ ਮਾਰਚ ਵੀ ਕੱਢਿਆ। ਮਾਰਕੀਟ ਕਮੇਟੀ ਫਾਜ਼ਿਲਕਾ ’ਚ ਬਣੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੇ ਦਫਤਰ ਦੇ ਬਾਹਰ ਵਿਦਿਆਰਥੀਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਜਸਪ੍ਰੀਤ ਸਿੰਘ ਅਤੇ ਪਰਵੀਨ ਨੇ ਕਿਹਾ ਕਿ ਇਹ ਪਹਿਲਾ ਮਾਮਲਾ ਹੈ ਕਿ ਦਲਿਤ ਵਿਦਿਆਰਥੀਆਂ ਤੋਂ ਕਾਲਜ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਆਉਣ ਤੋਂ ਪਹਿਲਾਂ ਹੀ ਪੂਰੀ ਫੀਸ ਮੰਗੀ ਜਾ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਮੰਗਾਂ ਨਾ ਸੁਣੇ ਜਾਣ ਦੇ ਰੋਸ ਵਜੋਂ 25 ਅਗਸਤ ਨੂੰ ਵਿਦਿਆਰਥੀਆਂ ਵੱਲੋਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਮਮਤਾ ਲਾਧੂਕਾ, ਮੁਸਕਾਨ, ਸਾਹਿਲ, ਗੁਰਪ੍ਰੀਤ, ਅਮਰਜੀਤ, ਰੀਤੂ, ਨੇਹਾ, ਗੁਰਪ੍ਰੀਤ, ਜਸਪ੍ਰੀਤ, ਗੁਰਪ੍ਰੀਤ ਮੁਜੇਦੀਆ ਅਤੇ ਹੋਰ ਵਿਦਿਆਰਥੀ ਹਾਜ਼ਰ ਸਨ।
ਨਹਿਰੂ ਕਾਲਜ ਅੱਗੇ ਵਿਦਿਆਰਥੀਆਂ ਦਾ ਧਰਨਾ ਜਾਰੀ
ਮਾਨਸਾ (ਪੱਤਰ ਪ੍ਰੇਰਕ): ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿੱਚ ਵਿਦਿਆਰਥੀਆਂ ਦਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਕਾਲਜ ਪ੍ਰਸ਼ਾਸਨ ਵੱਲੋਂ ਐਸ.ਸੀ/ਐਸ.ਟੀ ਵਿਦਿਆਰਥੀਆਂ ਤੋਂ ਜਬਰੀ ਪੀਟੀਏ ਫੰਡ ਵਸੂਲਿਆ ਜਾ ਰਿਹਾ ਹੈ, ਜੋ ਨਿਯਮਾਂ ਦੇ ਉਲਟ ਹੈ। ਧਰਨੇ ਵਿੱਚ ਸ਼ਾਮਲ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਵਿਜੈ ਭੀਖੀ ਨੇ ਵਿਦਿਆਰਥੀ ਸੰਘਰਸ਼ ਦੀ ਹਮਾਇਤ ਕੀਤੀ ਅਤੇ ਹਰ ਤਰ੍ਹਾਂ ਦੀ ਮੱਦਦ ਦਾ ਐਲਾਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਵਿਜੈ ਭੀਖੀ ਨੇ ਕਿਹਾ ਕਿ ਜੇਕਰ ਕਾਲਜ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੀ ਮੰਗ ਨਾ ਮੰਨੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਵਿਦਿਆਰਥੀਆਂ ਦੇ ਪੀਟੀਏ ਫੰਡ ਮੁਆਫ਼ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਹੋਰਨਾਂ ਤੋਂ ਇਲਾਵਾ ਨਰਿੰਦਰ ਸਿੰਘ, ਸੋਨੂ ਸਿੰਘ ਝੱਬਰ, ਗੁਰਬਲ ਸਿੰਘ, ਜਗਜੀਤ ਸਿੰਘ ਫਤਿਹਪੁਰ, ਜ਼ਸਪ੍ਰੀਤ ਖਿਆਲਾ, ਕਰਨ ਮਾਨਸਾ ਨੇ ਵੀ ਸੰਬੋਧਨ ਕੀਤਾ।