ਖੇਤਰੀ ਪ੍ਰਤੀਨਿਧ
ਬਰਨਾਲਾ, 29 ਜੁਲਾਈ
ਖੇਤੀ ਕਾਨੂੰਨਾਂਂ ਖ਼ਿਲਾਫ਼ ਰੇਲਵੇ ਸਟੇਸ਼ਨ ਮੋਰਚੇ ’ਚ 302ਵੇਂ ਦਿਨ ਬੁਲਾਰਿਆਂ ਨੇ ਪਿੰਡਾਂ ਵਿੱਚ ਸਿਆਸੀ ਆਗੂਆਂ ਦੀਆਂ ਵਧ ਰਹੀਆਂ ਚੁਣਾਵੀ ਫੇਰੀਆਂ ਤੋਂ ਸਮਾਜਿਕ-ਭਾਈਚਾਰਕ ਵੰਡੀਆਂ ਦੇ ਖਦਸ਼ੇ ਤੋਂ ਸੁਚੇਤ ਕੀਤਾ। ਆਗੂਆਂ ਨੇ ਕਿਹਾ ਕਿ ਸਿਆਸੀ ਆਗੂ ਹਮੇਸ਼ਾ ਜਾਤਾਂ, ਗੋਤਾਂ, ਧਰਮਾਂ ਆਦਿ ਦੇ ਆਧਾਰ ’ਤੇ ਲੋਕਾਂ ਵਿੱਚ ਵੰਡੀਆਂ ਪਾ ਕੇ ਵੋਟਾਂ ਵਟੋਰਦੇ ਹਨ ਤੇ ਲੋਕਾਂ ਨੂੰ ਆਪਣੇ ਹਾਲ ’ਤੇ ਛੱਡ ਗਾਇਬ ਹੋ ਜਾਂਦੇ ਹਨ। ਚੋਣਾਂ ਸਿਰ ’ਤੇ ਆਉਣ ਕਾਰਨ ਸਿਆਸੀ ਆਗੂ ਵੱਖ ਵੱਖ ਵਰਗਾਂ ਲਈ ਤਰ੍ਹਾਂ ਤਰ੍ਹਾਂ ਦੇ ਭਰਮਾਊ ਨਾਹਰੇ ਲੈ ਕੇ ਸਾਹਮਣੇ ਆ ਰਹੇ ਹਨ। ਇਹ ਨੇਤਾ ਪਿੰਡਾਂ ਵਿੱਚ ਬੈਠੇ ਆਪਣੇ ਚਮਚਿਆਂ ਰਾਹੀਂ ਕਿਸਾਨਾਂ ਦੇ ਜਥੇਬੰਦਕ ਏਕੇ ਨੂੰ ਕਮਜ਼ੋਰ ਕਰਕੇ ਆਪਣੀਆਂ ਰੋਟੀਆਂ ਸੇਕਦੇ ਹਨ। ਸਾਨੂੰ ਇਨ੍ਹਾਂ ਦੀਆਂ ਚਾਲਾਂ ਤੋਂ ਸਾਵਧਾਨ ਰਹਿ ਕੇ ਆਪਣਾ ਕੀਮਤੀ ਏਕਾ ਬਚਾ ਕੇ ਰੱਖਣਾ ਅਤਿ ਲੋੜੀਂਦਾ ਹੈ। ਉਨ੍ਹਾਂ ਦੱਸਿਆ ਕਿ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ ਜਾਵੇਗਾ। ਅੱਜ ਧਰਨੇ ਵਿੱਚ ਇੱਕ ਸੌ ਸਾਲ ਉਮਰ ਦੀ ਮਾਤਾ ਕਰਤਾਰ ਕੌਰ ਕਰਮਗੜ੍ਹ ਦੀ ਹਾਜ਼ਰੀ ਵਿਸ਼ੇਸ਼ ਰਹੀ। ਇਸ ਹਾਜ਼ਰੀ ਲਈ ਮਾਤਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਬਰੇਟਾ (ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਵਿਰੁੱਧ ਸਥਾਨਕ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਸਾਂਝਾ ਕਿਸਾਨ ਮੋਰਚਾ ਵੱਲੋਂ ਅਤੇ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਇੱਕ ਪੈਟਰੋਲ ਪੰਪ ਤੇ ਕਿਸਾਨ ਧਰਨੇ ਲਗਾਤਾਰ ਜਾਰੀ ਰਹੇ ਅਤੇ ਇਸ ਵਿੱਚ ਵੱਖ ਵੱਖ ਬੁਲਾਰਿਆਂ ਵਲੋਂ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ|
ਸਿਆਸੀ ਆਗੂਆਂ ਦੇ ਦਾਖ਼ਲੇ ਉੱਤੇ ਪਾਬੰਦੀ
ਬਾਘਾ ਪੁਰਾਣਾ (ਯਸ਼ ਚਟਾਨੀ): ਸਿਆਸੀ ਪਾਰਟੀਆਂ ਦੇ ਦਾਖਲੇ ਉਪਰ ਪਿੰਡੋਂ-ਪਿੰਡ ਲੱਗ ਰਹੇ ਇਸ਼ਤਿਹਾਰ ਅਤੇ ਵੱਡੇ-ਵੱਡੇ ਬੋਰਡਾਂ ਨੇ ਵੱਡੀਆਂ ਪਾਰਟੀਆਂ ਨਾਲ ਸਬੰਧਤ ਆਗੂਆਂ ਦੇ ਮੂੰਹਾਂ ਵਿਚ ਉਂਗਲਾਂ ਦੁਆ ਦਿੱਤੀਆਂ ਹਨ। ਉਹ ਵੀ ਸਮਾਂ ਸੀ ਜਦ ਪਿੰਡਾਂ ਦੀਆਂ ਪੰਚਾਇਤਾਂ ਕਲੱਬਾਂ ਅਤੇ ਹੋਰ ਮੋਹਤਬਰਾਂ ਵੱਲੋਂ ਸਿਆਸੀ ਆਗੂਆਂ ਨੂੰ ਪੰਚਾਇਤਾਂ, ਕਲੱਬਾਂ ਅਤੇ ਹੋਰ ਮੋਹਤਬਰਾਂ ਵੱਲੋਂ ‘ਜੀ ਆਇਆਂ’ ਕਹਿੰਦੇ ਬੋਰਡ ਦੇ ਨਾਲ-ਨਾਲ ਫੁੱਲਾਂ ਵਾਲੇ ਹਾਰ ਅਤੇ ਗੁਲਦਸਤੇ ਲੈ ਕੇ ਲੋਕ ਖੜ੍ਹੇ ਹੁੰਦੇ ਸਨ। ਅੱਜ ਉਨ੍ਹਾਂ ਪਿੰਡਾਂ ਦੇ ਲੋਕ ਹੁਣ ਮੁੱਖ ਦਰਵਾਜ਼ਿਆਂ, ਸੱਥਾਂ, ਗਲੀਆਂ ਅਤੇ ਮੁਹੱਲਿਆਂ ਵਿਚ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਦਾਖਲੇ ਉਪਰ ਸਖ਼ਤ ਪਾਬੰਦੀਆਂ ਵਾਲੇ ਬੋਰਡ ਲਗਾ ਰਹੇ ਹਨ, ਜੋ ਲੋਕਾਂ ਅੰਦਰ ਸਿਆਸੀ ਚੇਤਨਤਾ ਦਾ ਵੱਡਾ ਸਬੂਤ ਤਾਂ ਹਨ ਹੀ, ਸਗੋਂ ਸਿਆਸਤਦਾਨਾਂ ਲਈ ਸ਼ਰਮ ਵਾਲੀ ਗੱਲ ਵੀ ਕਹੀ ਜਾ ਸਕਦੀ ਹੈ। ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਬਣਾਏ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ਉਪਰ ਬੈਠੇ ਕਿਸਾਨਾਂ ਨੂੰ ਸਿਆਸੀ ਪਾਰਟੀਆਂ ਉਪਰ ਡਾਢਾ ਰੰਜ ਹੈ ਕਿ ਉਨ੍ਹਾਂ ਨੇ ਅਜਿਹੇ ਕਾਨੂੰਨਾਂ ਨੂੰ ਨਾ ਤਾਂ ਘੜੇ ਜਾਣ ਵੇਲੇ ਕੋਈ ਵਿਰੋਧ ਕੀਤਾ ਅਤੇ ਨਾ ਹੀ ਰੱਦ ਕਰਵਾਉਣ ’ਚ ਹੀ ਕੋਈ ਗੰਭੀਰ ਚਾਰਾਜੋਈ ਕੀਤੀ। ਜਾਗਰੂਕ ਹੋਏ ਕਿਸਾਨਾਂ ਦੇ ਵੱਡੇ ਹਿੱਸੇ ਵੱਲੋਂ ਮੌਜੂਦਾ ਬਣੀ ਸਥਿਤੀ ਲਈ ਅਕਾਲੀ ਦਲ ਨੂੰ ਹੀ ਨਿਸ਼ਾਨੇ ਉਪਰ ਰੱਖਿਆ ਜਾ ਰਿਹਾ ਹੈ, ਕਿਉਂਕਿ ਕਾਨੂੰਨਾਂ ਦੀ ਬਣਤਰ ਵੇਲੇ ਉਹ ਮੋਦੀ ਸਰਕਾਰ ਦਾ ਹਿੱਸਾ ਸੀ ਅਤੇ ਹਰਸਿਮਰਤ ਕੌਰ ਬਾਦਲ ਕੇਂਦਰ ਵਿਚ ਵਜ਼ੀਰ ਸੀ।
ਕਿਸਾਨਾਂ ਵੱਲੋਂ ਕਾਂਗਰਸ ਦਾ ਵੀ ਵਿਰੋਧ ਕਰਨ ਦਾ ਐਲਾਨ
ਸ਼ਹਿਣਾ (ਪੱਤਰ ਪ੍ਰੇਰਕ): ਕਸਬਾ ਸ਼ਹਿਣਾ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਭਾਕਿਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨਾਮਧਾਰੀ, ਜ਼ਿਲ੍ਹਾ ਸਰਪ੍ਰਸਤ ਹਰਬੰਸ ਸਿੰਘ ਨੰਬਰਦਾਰ ਤੇ ਹੋਰਾਂ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਲੋਕ ਸਭਾ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰਾਂ ਸਿਰਫ ਖੇਤੀ ਕਾਨੂੰਨਾਂ ਵਾਲਾ ਮੁੱਦੇ ਹੀ ਉਠਾਉਣ। ਕਿਸਾਨ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਕਿਸਾਨਾਂ ਦੀ ਕੋਈ ਮਦਦ ਨਹੀਂ ਕੀਤੀ, ਨਾ ਤਾਂ ਸਦਨ ’ਚ ਨਾ ਹੀ ਬਾਹਰ। ਇਸ ਕਰਕੇ ਕਿਸਾਨ ਭਾਜਪਾ ਦੀ ਤਰ੍ਹਾਂ ਕਾਂਗਰਸ ਦਾ ਵੀ ਸਖ਼ਤ ਵਿਰੋਧ ਕਰਨਗੇ।