ਪਰਮਜੀਤ ਸਿੰਘ
ਫਾਜ਼ਿਲਕਾ, 12 ਮਾਰਚ
ਇਥੋਂ ਦੇ ਸੀਆਈਏ ਸਟਾਫ਼ ਨੇ ਬੀਐੱਸਐੱਫ ਦੇ ਸਹਿਯੋਗ ਨਾਲ 3 ਸਕੇ ਭਰਾਵਾਂ ਨੂੰ 6 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਐੈੱਸਐੱਸਪੀ ਫਾਜ਼ਿਲਕਾ ਹਰਜੀਤ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ਼ ਫਾਜ਼ਿਲਕਾ ਵੱਲੋਂ ਧਵਨ ਸਿੰਘ (22) ਵਾਸੀ ਪਿੰਡ ਚੱਕ ਟਾਹਲੀ ਵਾਲਾ ਅਤੇ ਉਸ ਦੇ ਦੋ ਭਰਾਵਾਂ ਹਰਜਿੰਦਰ ਸਿੰਘ (25) ਅਤੇ ਸਤਵਿੰਦਰ ਸਿੰਘ (24) ਨੂੰ 10 ਮਾਰਚ ਨੂੰ ਇਕ ਕਿਲੋ ਹੈਰੋਇਨ ਅਤੇ ਮੋਟਰਸਾਈਕਲ ਸਮੇਤ ਗਿ੍ਰਫ਼ਤਾਰ ਕੀਤਾ ਸੀ। ਪੁੱਛ ਪੜਤਾਲ ਦੌਰਾਨ ਪਤਾ ਲੱਗਿਆ ਕਿ ਧਵਨ ਸਿੰਘ ਦੇ ਪਾਕਿਸਤਾਨ ਵਾਸੀ ਡੋਗਰ ਨਾਲ ਵੱਟਸਅਪ ਦੇ ਰਾਹੀਂ ਸੰਪਰਕ ਸੀ। ਉਹ ਉਸ ਤੋਂ ਹੈਰੋਇਨ ਮੰਗਵਾਕੇ ਸਪਲਾਈ ਕਰਦਾ ਸੀ। ਇਹ ਵੀ ਪਤਾ ਲੱਗਿਆ ਹੈ ਕਿ ਭਰਾਵਾਂ ਵੱਲੋਂ ਭਾਰੀ ਮਾਤਰਾ ’ਚ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਮੰਗਵਾਈ ਗਈ ਹੈ, ਜਿਸ ਤੋਂ ਬਾਅਦ ਜਾਂਚ ਟੀਮ ਵੱਲੋਂ ਭੁਪਿੰਦਰ ਸਿੰਘ ਭੁੱਲਰ ਡੀਐੱਸਪੀ (ਡੀ) ਫਾਜ਼ਿਲਕਾ ਦੀ ਅਗਵਾਈ ’ਚ ਭਾਰਤ-ਪਾਕਿਸਤਾਨ ਸਰਹੱਦ ’ਤੇ ਕੰਡੇਦਾਰ ਤਾਰ ਦੇ ਪਾਰ ਕਣਕ ਦੇ ਖੇਤਾਂ ’ਚੋਂ ਬੀਐੱਸਐੱਫ ਦੇ ਸਹਿਯੋਗ ਨਾਲ 5 ਕਿਲੋ ਹੋਰ ਹੈਰੋਇਨ ਬਰਾਮਦ ਕੀਤੀ ਗਈ। ਧਵਨ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਹਰਜਿੰਦਰ ਸਿੰਘ ਅਤੇ ਸਤਵਿੰਦਰ ਸਿੰਘ ਫੌਜ ’ਚ ਨੌਕਰੀ ਕਰਦੇ ਹਨ ਅਤੇ ਛੁੱਟੀ ’ਤੇ ਆਏ ਹੋਏ ਹਨ। ਤਿੰਨੇ ਭਰਾ ਮਿਲਕੇ ਹੈਰੋਇਨ ਨੂੰ ਕਿਸੇ ਅਣਪਛਾਤੇ ਵਿਅਕਤੀ ਦੇ ਕੋਲ ਵੇਚਣ ਲਈ ਚਲੇ ਸਨ। ਤਿੰਨਾਂ ਭਰਾਵਾਂ ਦਾ 5 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।