ਪਰਮਜੀਤ ਸਿੰਘ
ਫਾਜਿਲਕਾ, 21 ਅਕਤੂਬਰ
ਡਾਇਰੈਕਟਰ ਜਨਰਲ ਪੁਲੀਸ, ਪੰਜਾਬ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲੀਸ ਵੱਲੋਂ ਵੱਖ ਵੱਖ ਕੇਸਾਂ ’ਚ ਬਰਾਮਦ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਲਈ ਬਣਾਈ ਗਈ ਜ਼ਿਲ੍ਹਾ ਫਾਜ਼ਿਲਕਾ ਦੀ ਕਮੇਟੀ ਦੇ ਚੇਅਰਮੈਨ ਹਰਮਨਬੀਰ ਸਿੰਘ ਗਿੱਲ, ਐੱਸਐੱਸਪੀ ਫਾਜ਼ਿਲਕਾ, ਮੈਂਬਰ ਕਪਤਾਨ ਪੁਲੀਸ (ਇਨਵੈ.) ਫਾਜ਼ਿਲਕਾ ਤੇ ਮੈਂਬਰ ਕਪਤਾਨ ਪੁਲੀਸ (ਪੀਬੀਆਈ) ਫਿਰੋਜ਼ਪੁਰ ਵੱਲੋਂ ਸਾਲ 2021 ਦੌਰਾਨ ਐੱਨ.ਡੀ.ਪੀ.ਐੱਸ. ਐਕਟ ਤਹਿਤ ਫੜੇ ਗਏ ਮਾਦਕ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ ਹੈ। ਇਸ ਸਬੰਧੀ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਵੱਲੋਂ ਨਸ਼ੇ ਦੀ ਮੁਕੰਮਲ ਰੋਕਥਾਮ ਲਈ ਲਗਾਤਾਰ ਅਭਿਆਨ ਚਲਾਇਆ ਜਾ ਰਿਹਾ ਹੈ ਤੇ ਨਸ਼ੇ ਦੀ ਤਸਕਰੀ ’ਚ ਸ਼ਾਮਲ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਕਾਬੂ ਕਰਕੇ ਜੇਲ੍ਹਾ ’ਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ’ਚ ਸਾਲ 2021 ਦੌਰਾਨ ਐਨ.ਡੀ.ਪੀ.ਐਸ. ਐਕਟ ਤਹਿਤ ਕੁੱਲ 436 ਕੇਸਾਂ ਦਾ ਮਾਲ ਮੁਕੱਦਮਾ ਜ਼ਿਲ੍ਹਾ ਪੱਧਰ ’ਤੇ ਬਣੀ ਕਮੇਟੀ ਦੀ ਨਿਗਰਾਨੀ ’ਚ ਨਸ਼ਟ ਕਰਵਾਇਆ ਗਿਆ ਹੈ।ਨਸ਼ਟ ਕੀਤੇ ਨਸ਼ਿਆਂ ਦੀ ਮਾਤਰਾ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 73 ਕੁਇੰਟਲ 80 ਕਿਲੋ 50 ਗ੍ਰਾਮ ਪੋਸਤ, 860522 ਨਸ਼ੀਲੀਆਂ ਗੋਲੀਆਂ, 13458 ਨਸ਼ੀਲੇ ਕੈਪਸੂਲ, 16 ਕਿਲੋ 645 ਗ੍ਰਾਮ ਹੈਰੋਇਨ, 78 ਨਸ਼ੀਲੀਆਂ ਸ਼ੀਸ਼ੀਆਂ, 850 ਗ੍ਰਾਮ ਨਸ਼ੀਲਾ ਪਾਊਡਰ, 565 ਗ੍ਰਾਮ ਗਾਂਜਾ ਤੇ 212 ਗ੍ਰਾਮ ਸਮੈਕ ਨੂੰ ਨਸ਼ਟ ਕੀਤਾ ਗਿਆ ਹੈ।