ਪਰਮਜੀਤ ਸਿੰਘ
ਫਾਜ਼ਿਲਕਾ, 27 ਜੁਲਾਈ
ਇਸ ਜ਼ਿਲ੍ਹੇ ਦੇ ਪਿੰਡ ਕਮਾਲਵਾਲਾ ’ਚ ਐਤਵਾਰ ਸਵੇਰੇ ਰੰਜਿਸ਼ ਕਾਰਨ ਕਿਸਾਨ ਪੁਸ਼ਪਿੰਦਰ ਸਿੰਘ ਦੀ ਗੋਲੀਆਂ ਮਾਰਕੇ ਹੱਤਿਆ ਕਰਨ ਸਬੰਧੀ ਥਾਣਾ ਖੂਈਖੇੜਾ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਮੁਲਜ਼ਮ ਪਿਓ-ਪੁੱਤਰ ’ਚੋਂ ਹਾਲੇ ਤੱਕ ਪੁੱਤਰ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਰੋਸ ਵੱਜੋਂ ਪੀੜਤ ਪਰਿਵਾਰ,ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵੱਲੋਂ ਫਾਜ਼ਿਲਕਾ ਦੇ ਰੇਲਵੇ ਓਵਰਬ੍ਰਿਜ ’ਤੇ ਦੇਹ ਰੱਖ ਕੇ ਧਰਨਾ ਦਿੱਤਾ ਗਿਆ। ਸ੍ਰੀ ਤੇਜਾ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਪੁਸ਼ਪਿੰਦਰ ਸਿੰਘ ਦਾ ਨੇੜਲੀ ਢਾਣੀ ਵਾਸੀ ਜਸਵਿੰਦਰ ਸਿੰਘ ਨਾਲ ਪੁਰਾਣਾ ਝਗੜਾ ਸੀ। ਮੁਲਜ਼ਮਾਂ ਵੱਲੋਂ ਪੁਸ਼ਪਿੰਦਰ ਸਿੰਘ ਨੂੰ ਕਥਿਤ ਗੋਲੀਆਂ ਮਾਰੀਆਂ ਗਈਆਂ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਤੇ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। 24 ਘੰਟੇ ਬੀਤ ਚੁੱਕੇ ਹਨ ਪੁਲੀਸ ਨੇ ਜਸਵਿੰਦਰ ਸਿੰਘ ਦੇ ਲੜਕੇ ਗੁਰਪ੍ਰੀਤ ਸਿੰਘ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਜਦੋਂ ਤੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਧਰਨਾ ਜਾਰੀ ਰਹੇਗਾ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਗ੍ਰਿਫ਼ਤਾਰੀ ਲਈ ਛਾਪੇ ਜਾਰੀ ਹਨ।