ਪਰਮਜੀਤ ਸਿੰਘ
ਫਾਜ਼ਿਲਕਾ, 2 ਸਤੰਬਰ
ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਜ਼ਿਲ੍ਹਾ ਫ਼ਾਜ਼ਿਲਕਾ ਦੀ ਜ਼ਿਲ੍ਹਾ ਕਾਨਫ਼ਰੰਸ ਸਥਾਨਕ ਸੁਤੰਤਰ ਭਵਨ ਦਫ਼ਤਰ ਵਿੱਚ ਕਾਮਰੇਡ ਰਿਸ਼ੀਪਾਲ ਖੁੱਭਣ, ਕਾਮਰੇਡ ਸੁਰਿੰਦਰ ਢੰਡੀਆਂ, ਜੋਗਿੰਦਰ ਕੌਰ ਜਲਾਲਾਬਾਦ ਅਤੇ ਰਮਨ ਧਰਮੂਵਾਲਾ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਸੀਨੀਅਰ ਕਮਿਊਨਿਸਟ ਆਗੂ ਕਾਮਰੇਡ ਦਰਸ਼ਨ ਲਾਧੂਕਾ ਵੱਲੋਂ ਕੀਤੀ ਗਈ। ਕਾਨਫਰੰਸ ਦੀ ਸ਼ੁਰੂਆਤ ਤੋਂ ਪਹਿਲਾਂ ਵਿਛੜੇ ਹੋਏ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਉਪਰੰਤ ਜ਼ਿਲ੍ਹਾ ਕਾਨਫ਼ਰੰਸ ਕਰਵਾਉਣ ਲਈ ਬਤੌਰ ਨਿਗਰਾਨ ਪਹੁੰਚੇ ਸੀਪੀਆਈ ਦੇ ਸੂਬਾਈ ਆਗੂ ਕਾਮਰੇਡ ਹਰਦੇਵ ਅਰਸ਼ੀ ਅਤੇ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਡੈਲੀਗੇਟਾਂ ਨੂੰ ਸੰਬੋਧਨ ਕੀਤਾ।
ਇਸ ਤੋਂ ਬਾਅਦ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸਰਾਜ ਗੋਲਡਨ ਵੱਲੋਂ ਰਾਜਨੀਤਕ ਅਤੇ ਜਥੇਬੰਦਕ ਰਿਪੋਰਟ ਪੇਸ਼ ਕੀਤੀ ਗਈ। ਡੈਲੀਗੇਟ ਹਾਊਸ ਵੱਲੋਂ ਵਾਧਿਆਂ ਸਮੇਤ ਪੇਸ਼ ਹੋਈ ਰਿਪੋਰਟ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਤੋਂ ਬਾਅਦ ਆਪਣੀ ਨਵੀਂ ਜ਼ਿਲ੍ਹਾ ਕਾਨਫ਼ਰੰਸ ਲਈ 31 ਮੈਂਬਰੀ ਜ਼ਿਲ੍ਹਾ ਕੌਂਸਲ ਦੀ ਵੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਦੌਰਾਨ ਹੀ ਸੂਬਾਈ ਕਾਨਫ਼ਰੰਸ ਲਈ ਡੈਲੀਗੇਟਾਂ ਦੀ ਚੋਣ ਕੀਤੀ ਗਈ। ਫਾਜ਼ਿਲਕਾ ਦੇ ਜ਼ਿਲ੍ਹਾ ਡੈਲੀਗੇਟ ਇਜਲਾਸ ਸੀਪੀਆਈ ਦੇ ਮੌਜੂਦਾ ਜ਼ਿਲ੍ਹਾ ਸਕੱਤਰ ਕਾਮਰੇਡ ਹੰਸਰਾਜ ਗੋਲਡਨ ਨੂੰ ਫਿਰ ਤੋਂ ਜ਼ਿਲ੍ਹੇ ਦੀ ਵਾਂਗਡੋਰ ਸੌਂਪੀ ਗਈ।