ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 2 ਨਵੰਬਰ
ਸੀਪੀਆਈ ਨੇ ਪੁਲੀਸ ਦੀਆਂ ਵਧੀਕੀਆਂ ਦੇ ਸ਼ਿਕਾਰ ਪੀੜਤ ਲੋਕਾਂ ਨੂੰ ਇਨਸਾਫ਼ ਨਾ ਮਿਲਣ ਖ਼ਿਲਾਫ਼ ਭਲਕੇ 3 ਨਵੰਬਰ ਨੂੰ ਥਾਣਾ ਸਦਰ ਫਾਜ਼ਿਲਕਾ ਸਾਹਮਣੇ ਸਵੇਰੇ 11 ਵਜੇ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਹੈ।
ਇਸ ਸਬੰਧੀ ਸੀਪੀਆਈ ਦੇ ਜ਼ਿਲ੍ਹਾ ਕੌਂਸਲ ਮੈਂਬਰ ਅਤੇ ਬਲਾਕ ਸਮਿਤੀ ਮੈਂਬਰ ਕਾਮਰੇਡ ਸੁਬੇਗ ਝੰਗੜ ਭੈਣੀ ਨੇ ਦੱਸਿਆ ਕਿ ਸਦਰ ਥਾਣਾ ਫ਼ਾਜ਼ਿਲਕਾ ਅਤੇ ਜ਼ਿਲ੍ਹੇ ਦੇ ਹੋਰ ਥਾਣਾ ਮੁਖੀਆਂ ਵੱਲੋਂ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਸਹੀ ਮਾਮਲਿਆਂ ਵਿੱਚ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੇਣ ਦੀ ਹਦਾਇਤ ਦੇ ਬਾਵਜੂਦ ਪੁਲੀਸ ਦੇ ਅਧਿਕਾਰੀਆਂ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ ਜਿਸ ਕਰਕੇ ਮਜਬੂਰਨ ਸੀਪੀਆਈ ਨੂੰ ਇਹ ਕਦਮ ਚੁੱਕਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਆਗੂਆਂ ਨਾਲ ਵਿਚਾਰ-ਚਰਚਾ ਕਰ ਕੇ ਇਹ ਫ਼ੈਸਲਾ ਲਿਆ ਗਿਆ ਹੈ ਅਤੇ ਭਵਿੱਖ ਵਿੱਚ ਜੇਕਰ ਜਾਇਜ਼ ਮਸਲੇ ਪੁਲੀਸ ਵੱਲੋਂ ਨਾ ਹੱਲ ਕੀਤੇ ਗਏ ਤਾਂ ਜ਼ਿਲ੍ਹਾ ਪੱਧਰ ’ਤੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਜ਼ਿਲ੍ਹਾ ਪੁਲੀਸ ਦੀ ਹੋਵੇਗੀ।