ਮਹਿੰਦਰ ਸਿੰਘ ਰੱਤੀਆਂ
ਮੋਗਾ, 10 ਅਪਰੈਲ
ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਰੋਹ ਭਖਣ ਲੱਗਾ ਹੈ। ਇਥੇ ਅਡਾਨੀ ਅਨਾਜ ਭੰਡਾਰ ਅੱਗੇ 192ਵੇਂ ਦਿਨ ਦੇ ਪੱਕੇ ਧਰਨੇ ਉੱਤੇ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਕਿਸਾਨਾਂ ਨੂੰ ਇਸ ਪਲਾਂਟ ਵਿੱਚ ਕਣਕ ਨਾ ਲਿਆਉਣ ਦਾ ਹੋਕਾ ਦਿੱਤਾ ਗਿਆ ਹੈ। ਇਸ ਕੜੀ ਤਹਿਤ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੇ ਘਰ ਅੱਗੇ 167ਵੇਂ ਦਿਨ ਜਾਰੀ ਰਿਹਾ। ਕਿਸਾਨ ਆਗੂ ਗੁਰਮੀਤ ਸਿੰਘ ਕਿਸ਼ਨਪੁਰਾਂ, ਬਲੌਰ ਸਿੰਘ ਘੱਲ ਕਲਾਂ ਅਤੇ ਲਖਵੀਰ ਸਿੰਘ ਤੂਰ ਖੋਸਾ ਪਾਂਡੋ ਨੇ ਕਿਹਾ ਕਿ ਸਾਰੀਆਂ ਕਿਸਾਨ ਜੱਥੇਬੰਦੀਆਂ ਵੱਲੋ ਅਡਾਨੀ ਅੰਬਾਨੀ ਦੀਆਂ ਕੰਪਨੀਆਂ ਦਾ ਕਾਰੋਬਾਰ ਠੱਪ ਕਰਨ ਦੀ ਮੁਹਿੰਮ ਤਹਿਤ ਅਡਾਨੀ ਪਲਾਂਟ ਦਾ ਬਾਈਕਾਟ ਕਰਕੇ ਇਥੇ ਕਣਕ ਨਾ ਵੇਚਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਲਈ ਕਿਸਾਨਾਂ ਨੂੰ ਅਪੀਲ ਕੀਤੀ ਕਿ ਐਂਤਕੀ ਕੋਈ ਵੀ ਕਿਸਾਨ ਆਪਣੀ ਕਣਕ ਡਗਰੂ ਵਾਲੇ ਅਡਾਨੀ ਦੇ ਸੈੱਲ ਪਲਾਂਟ ਵਿੱਚ ਨਾ ਲੈ ਕੇ ਆਵੇ। ਉਨ੍ਹਾਂ ਕਿਸਾਨਾ ਨੂੰ ਭਰੋਸਾ ਦਿਤਾ ਜੱਥੇਬੰਦੀਆਂ ਹਰ ਹਾਲਤ ਵਿੱਚ ਸਾਰੀ ਕਣਕ ਵਿਕਾਉਣਗੀਆਂ। ਇਸ ਮੌਕੇ ਮਹਿੰਦਰ ਕੌਰ ਸੱਦਾ ਸਿੰਘ ਵਾਲਾ, ਗੁਰਦੇਵ ਸਿੰਘ ਕਿਸਨਪੁਰਾ, ਜਸਵਿੰਦਰ ਸਿੰਘ ਘੱਲਕਲਾਂ, ਬਲਦੇਵ ਸਿੰਘ ਝੰਡੇਵਾਲਾ ਨੇ ਸੰਬੋਧਨ ਕੀਤਾ।
ਬਰੇਟਾ (ਸੱਤ ਪ੍ਰਕਾਸ਼ ਸਿੰਗਲਾ): ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਥਾਨਕ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਸਾਂਝਾ ਕਿਸਾਨ ਮੋਰਚਾ ਵੱਲੋਂ ਅਤੇ ਇੱਕ ਨਿੱਜੀ ਪੈਟਰੋਲ ਪੰਪ ’ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਧਰਨਿਆਂ ਨੂੰ ਲਗਾਤਾਰ ਜਾਰੀ ਰੱਖਦੇ ਹੋਏ ਵਿਰੋਧ ਜਾਰੀ ਹੈ ਅਤੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਦੀ ਮੰਗ ਨੂੰ ਲੈ ਕੇ ਵਿਚਾਰ ਅਤੇ ਨਾਅਰੇਬਾਜ਼ੀ ਲਗਾਤਾਰ ਕੀਤੀ ਜਾ ਰਹੀ ਹੈ। ਇਸ ਮੌਕੇ ਮੇਜਰ ਸਿੰਘ, ਸੁਖਪਾਲ ਸਿੰਘ, ਸਤਵੀਰ ਕੌਰ, ਜਸਵੀਰ ਕੌਰ, ਮੱਖਣ ਸਿੰਘ, ਗੁਰਦੀਪ ਸਿੰਘ ਨੇ ਸੰਬੋਧਨ ਕੀਤਾ।
ਮਾਨਸਾ (ਜੋਗਿੰਦਰ ਸਿੰਘ ਮਾਨ): ਖੇਤੀ ਕਾਨੂੰਨਾਂ ਖ਼ਿਲਾਫ਼ ਇਥੇ ਰੇਲਵੇ ਸਟੇਸ਼ਨ ਨੇੜੇ ਲੱਗਿਆ ਮੋਰਚਾ ਅੱਜ 192ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਇਸ ਮੌਕੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਹੋਈ। ਕਿਸਾਨ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉਡਤ ਨੇ ਕਿਹਾ ਕਿ ਕਾਲੇ ਕਾਨੂੰਨ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਤੇਜ ਸਿੰਘ ਚਕੇਰੀਆਂ,ਬਾਬਾ ਬੋਹੜ ਸਿੰਘ, ਇਕਬਾਲ ਸਿੰਘ ਮਾਨਸਾ, ਜਸਵੰਤ ਸਿੰਘ ਨੇ ਵੀ ਸੰਬੋਧਨ ਕੀਤਾ।
ਪਵਨ ਗੋਇਲ (ਭੁੱਚੋ ਮੰਡੀ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ 192 ਦਿਨਾਂ ਤੋਂ ਬੈਸਟ ਪ੍ਰਾਈਸ ਮਾਲ ਅਤੇ ਲਹਿਰਾ ਬੇਗਾ ਟੌਲ ਪਲਾਜ਼ਾ ’ਤੇੇ ਚੱਲ ਰਹੇ ਮੋਰਚੇ ਅੱਜ ਵੀ ਜਾਰੀ ਰਹੇ। ਇਸ ਮੌਕੇ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ ਤੇ ਬਲਜੀਤ ਸਿੰਘ, ਆਗੂ ਗੁਰਮੇਲ ਸਿੰਘ, ਸੁਖਜੀਤ ਕੌਰ, ਬਲਤੇਜ ਸਿੰਘ, ਬਿੱਕਰ ਸਿੰਘ ਅਤੇ ਮੰਦਰ ਸਿੰਘ ਨੇ ਕਿਹਾ ਕਿ ਵਿਸਾਖੀ ਵਾਲੇ ਦਿਨ 13 ਅਪਰੈਲ ਨੂੰ ਤਲਵੰਡੀ ਸਾਬੋ (ਬਠਿੰਡਾ) ਵਿੱਚ ਜ਼ਿਲ੍ਹਾ ਪੱਧਰੀ ਵਿਸੇਸ਼ ਕਿਸਾਨ ਕਾਨਫਰੰਸ ਕੀਤੀ ਜਾ ਰਹੀ ਹੈ।
ਬੁਢਲਾਡਾ (ਐੱਨਪੀ ਸਿੰਘ): ਇੱਥੇ ਅੱਜ ਕਿਸਾਨ ਜੱਥੇਬੰਦੀਆਂ ਦੇ ਚੱਲ ਰਹੇ ਰਿਲਾਇੰਸ ਪੈਟਰੋਲ ਪੰਪ ਵਾਲੇ ਧਰਨੇ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਸਵਰਨਜੀਤ ਸਿੰਘ ਦਲਿਓ, ਡਕੌਂਦਾ ਦੇ ਨੰਬਰਦਾਰ ਜਰਨੈਲ ਸਿੰਘ ਗੁਰਨੇਕਲਾਂ ਨੇ ਕਿਹਾ ਕਿ ਦੇਸ਼ ਦੇ ਕਿਸਾਨ ਦੇਸ਼ ਨੂੰ ਮੁੜ ਗੁਲਾਮ ਹੋਣ ਤੋਂ ਬਚਾਉਣ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਹਾੜ੍ਹੀ ਦੇ ਸੀਜ਼ਨ ਦੀ ਸਾਂਭ-ਸੰਭਾਲ ਤੋਂ ਬਾਅਦ ਕਿਸਾਨ ਅੰਦੋਲਨ ਹੋਰ ਤਿੱਖਾ ਹੋਵੇਗਾ।
ਦਿੱਲੀ ਕੇਐਮਪੀ ਜਾਮ ਦੇ ਸਮਰਥਨ ‘ਚ ਸ਼ਹਿਰ ਵਿੱਚ ਮੁੁਜ਼ਾਹਰਾ
ਬਰਨਾਲਾ (ਪਰਸ਼ੋਤਮ ਬੱਲੀ): ਸੰਯੁੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਖਿਲਾਫ਼ ਬਰਨਾਲਾ ਸਟੇਸ਼ਨ ’ਤੇ ਡਟੇ ਧਰਨਾਕਾਰੀਆਂ ਅੱਜ ਦਿੱਲੀ ਦੀਆਂ ਬਾਹਰਲੀਆਂ ਫਿਰਨੀ ਸੜਕਾਂ, ਕੇਐਮਪੀ ਤੇ ਕੇਜੀਪੀ ਨੂੰ 24 ਘੰਟਿਆਂ ਲਈ ਜਾਮ ਦੀ ਹਮਾਇਤ ਵਿੱਚ ਇੱਥੇ ਬਰਨਾਲਾ ਦੇ ਸਦਰ ਬਾਜ਼ਾਰ ਵਿੱਚ ਰੋਹ ਭਰਪੂਰ ਮੁੁਜ਼ਾਹਰਾ ਕੀਤਾ ਅਤੇ ਸੰਕੇਤਕ ਤੌਰ ’ਤੇ ਕੁੁਝ ਸਮੇਂ ਲਈ ਸਦਰ ਬਾਜ਼ਾਰ ਜਾਮ ਵੀ ਕੀਤਾ| ਪ੍ਰਦਰਸ਼ਨ ਦੌਰਾਨ ਨਾਅਰੇਬਾਜ਼ੀ ਕਰਦਿਆਂ ਦਿੱਲੀ ਬੈਠੇ ਕਿਸਾਨਾਂ ਦੇ ਜਾਮ ਨਾਲ ਇੱਕਮੁੱਠਤਾ ਜਤਾਈ। ਸਟੇਸ਼ਨ ਧਰਨੇ ਨੂੰ ਬਲਵੰਤ ਸਿੰਘ ਉਪਲੀ, ਗੁੁਰਨਾਮ ਸਿੰਘ ਠੀਕਰੀਵਾਲਾ, ਮੇਲਾ ਸਿੰਘ ਕੱਟੂ, ਪ੍ਰੇਮਪਾਲ ਕੌਰ ਨੇ ਸੰਬੋਧਨ ਕੀਤਾ|ਅੱਜ ਬੂਟਾ ਸਿੰਘ ਧੰਦੀਵਾਲ ਦੇ ਕਵੀਸ਼ਰੀ ਜਥੇ ਤੇ ਰੁੁਲਦੂ ਸਿੰਘ ਸੇਰੋਂ ਨੇ ਵਾਰਾਂ ਤੇ ਗੀਤ ਸੁੁਣਾਏ |