ਸੰਜੀਵ ਹਾਂਡਾ
ਫ਼ਿਰੋਜ਼ਪੁਰ, 21 ਦਸੰਬਰ
ਇੱਥੇ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨਾਲ ਜੁੜੇ ਕਿਸਾਨ ਛਾਉਣੀ ਦੇ ਰੇਲਵੇ ਸਟੇਸ਼ਨ ’ਤੇ ਧਰਨਾ ਲਾ ਕੇ ਬੈਠੇ ਹੋਏ ਹਨ। ਇਸ ਧਰਨੇ ਦੀ ਅਗਵਾਈ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਅਤੇ ਸੂਬਾ ਕਮੇਟੀ ਮੈਂਬਰ ਰਣਵੀਰ ਸਿੰਘ ਰਾਣਾ ਕਰ ਰਹੇ ਹਨ। ਕਿਸਾਨਾਂ ਦਾ ਦੋਸ਼ ਹੈ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਜੋ ਅਜੇ ਤੱਕ ਮੁਆਫ਼ ਨਹੀਂ ਕੀਤੇ ਗਏ। ਇਸ ਤੋਂ ਇਲਾਵਾ ਘਰ-ਘਰ ਨੌਕਰੀ ਦੇਣ, ਸ਼ਗਨ ਸਕੀਮ 51 ਹਜ਼ਾਰ ਰੁਪਏ ਦੇਣ, ਬੇਰੁਜ਼ਗਾਰੀ ਦੂਰ ਕਰਨ ਅਤੇ ਮੁਕੰਮਲ ਨਸ਼ਾ ਮੁਕਤੀ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ।
ਫਿਰੋਜ਼ਪੁਰ ਰੇਲ ਮੰਡਲ ਵਿੱਚ ਤਿੰਨ ਦਰਜਨ ਰੇਲਾਂ ਰੱਦ
ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੀ ਵਜ੍ਹਾ ਕਰ ਕੇ ਫ਼ਿਰੋਜ਼ਪੁਰ ਰੇਲ ਮੰਡਲ ਵਿਚ ਅੱਜ ਦੂਜੇ ਦਿਨ ਵੀ ਕਰੀਬ ਤਿੰਨ ਦਰਜਨ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ। ਰੇਲ ਅਧਿਕਾਰੀਆਂ ਨੇ ਬੁੱਧਵਾਰ ਤੇ ਵੀਰਵਾਰ ਨੂੰ ਵੀ ਕੁਝ ਰੇਲਾਂ ਰੱਦ ਕੀਤੇ ਜਾਣ ਦੀ ਸੂਚੀ ਜਾਰੀ ਕੀਤੀ ਹੈ। ਰੇਲ ਗੱਡੀਆਂ ਰੱਦ ਹੋਣ ਨਾਲ ਜਿਥੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਉੱਥੇ ਹੀ ਰੇਲਵੇ ਨੂੰ ਵੀ ਕਰੋੜਾਂ ਰੁਪਏ ਦਾ ਘਾਟਾ ਪੈ ਰਿਹਾ ਹੈ।