ਪੱਤਰ ਪ੍ਰੇਰਕ
ਮਾਨਸਾ, 18 ਅਕਤੂਬਰ
ਕੇਂਦਰ ਸਰਕਾਰ ਵੱਲੋਂ ਸਾਲ 2023-24 ਤੱਕ ਕਣਕ ਦੇ ਭਾਅ ’ਚ 110 ਰੁਪਏ ਪ੍ਰਤੀ ਕੁਇੰਟਲ, ਜੌਂ, ਸਰੋਂ, ਦਾਲਾਂ ਆਦਿ ਹੋਰ ਫਸਲਾਂ ਦੀ ਐੱਮਐੱਸਪੀ ਵਿੱਚ ਕੀਤੇ ਵਾਧੇ ਨੂੰ ਕਿਸਾਨ ਜਥੇਬੰਦੀਆਂ ਨੇ ਨਕਾਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਮੰਗ ਕੀਤੀ ਕਿ ਫਸਲਾਂ ਦੇ ਭਾਅ ਸੁਆਮੀ ਨਾਥਨ ਕਮਿਸ਼ਨ ਦੀਆਂ ਕੀਤੀਆਂ ਸਿਫਾਰਸ਼ਾਂ ਮੁਤਾਬਿਕ ਤੈਅ ਕੀਤੇ ਜਾਣ।
ਜਥੇਬੰਦੀ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਮੰਗ ਕੀਤੀ ਕਿ ਫਸਲਾਂ ਦੇ ਲਾਗਤ ਖਰਚੇ ਤੁਰੰਤ ਘਟਾਏ ਜਾਣ ਅਤੇ ਹੋਰ ਲਾਗਤ ਖਰਚੇ ਜੋੜਕੇ ਫ਼ਸਲਾਂ ਦੀਆਂ ਕੀਮਤਾਂ 50 ਫੀਸਦ ਮੁਨਾਫੇ ਵਾਲੀਆਂ ਤੈਅ ਕੀਤੀਆਂ ਜਾਣ।
ਬਠਿੰਡਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਲੱਖੋਵਾਲ (ਟਿਕੈਤ) ਦੇ ਸੂਬਾ ਮੁੱਖ ਸਕੱਤਰ ਜਨਰਲ ਰਾਮਕਰਨ ਸਿੰਘ ਰਾਮਾ ਨੇ ਕਿਹਾ ਕਿ ਕੇਂਦਰ ਨੇ ਭਾਅ ਵਿੱਚ ਮਾਮੂਲੀ ਵਾਧਾ ਕਰਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ, ਜਿਸ ਦੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ (ਟਿਕੈਤ) ਅਤੇ ਦੇਸ਼ ਦਾ ਕਿਸਾਨ ਨਿਖੇਧੀ ਕਰਦਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਵਰਨ ਸਿੰਘ ਪੂਹਲੀ ਅਤੇ ਅਮਰਜੀਤ ਸਿੰਘ ਹਨੀ ਨੇ ਕਿਹਾ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਭਾਅ ਲਾਗਤ ਖਰਚਿਆਂ ਮੁਤਾਬਕ ਨਹੀਂ ਦਿੱਤਾ।