ਪੱਤਰ ਪ੍ਰੇਰਕ
ਗੋਨਿਆਣਾ ਮੰਡੀ, 11 ਨਵੰਬਰ
ਅੱਜ ਪਿੰਡ ਮਹਿਮਾ ਸਰਜਾ ਵਿੱਚ ਕਿਸਾਨ ਜਥੇਬੰਦੀਆਂ ਬੀਕੇਯੂ ਉਗਰਾਹਾਂ, ਬੀਕੇਯੂ ਸਿੱਧੂਪਰ, ਖੇਤ ਮਜ਼ਦੂਰ ਯੂਨੀਅਨ ਦੇ ਕਾਰਕੁੰਨਾਂ ਨੇ ਪਿੰਡ ਦੇ ਜਲਘਰ ਨੂੰ ਚਿੱਟਾ ਹਾਥੀ ਕਰਾਰ ਦਿੰਦਿਆਂ ਜਲ ਸਪਲਾਈ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਨੀਵਨਰ ਮਾਸਟਰ ਸੇਵਕ ਸਿੰਘ, ਬੀਕੇਯੂ ਉਗਰਾਹਾਂ ਦੇ ਪਿੰਡ ਪ੍ਰਧਾਨ ਭੋਲਾ ਸ਼ਰਮਾ, ਜਨਕ ਸਿੰਘ ਬਰਾੜ, ਬੀਕੇਯੂ ਸਿੱਧੂਪੁਰ ਦੇ ਆਗੂ ਗੁਰਦੀਪ ਸਿੰਘ ਮਹਿਮਾ ਸਰਜਾ ਦੀ ਅਗਵਾਈ ਹੇਠ ਇੱਕਠੇ ਹੋਏ ਲੋਕਾਂ ਨੇ ਨਾਅਰੇਬਾਜ਼ੀ ਕਰਦਿਆਂ ਦੋੋਸ਼ ਲਗਾਏ ਕਿ ਪਿੰਡ ਦੇ ਜਲਘਰ ਦੇ ਕਰਮਚਾਰੀ ਆਮ ਲੋਕਾਂ ਨਾਲ ਕਥਿਤ ਤੌਰ ’ਤੇ ਦੁਰਵਿਵਹਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਨਹਿਰੀਬੰਦੀ ਦੇ ਚਲਦਿਆਂ ਸੰਕਟ ਦੀ ਘੜੀ ਵਿੱਚ ਵੀ ਜਲਘਰ ਅੰਦਰ ਕੰਮ ਕਰਦੇ ਕਰਮਚਾਰੀ ਪਾਣੀ ਸਟੋਰ ਕਰਨ ਤੋਂ ਕੰਨੀ ਕਤਰਾਉਦੇ ਰਹੇ ਜਿਸ ਕਾਰਨ ਪਿੰਡਾਂ ਵਾਸੀਆਂ ਨੂੰ ਦੂਰ-ਦਰਾਡੇ ਤੋਂ ਪਾਣੀ ਲਿਆਉਣ ਲਈ ਮਜ਼ਬੂਰ ਹੋਣਾ ਪਿਆ।
ਪਿੰਡ ਵਾਸੀਆਂ ਨੇ ਕਿਹਾ ਕਿ ਜਲ ਘਰ ਦੇ ਦੌਰੇ ਦੌਰਾਨ ਅੱਖੀਂ ਦੇਖਿਆ ਕਿ ਜਲ ਘਰ ਦੇ ਪਾਣੀ ਸਟੋਰ ਕਰਨ ਵਾਲੇ ਟੈਂਕਾਂ ਦੀ ਹਾਲਤ ਨਿਘਰੀ ਪਈ ਹੈ ਅਤੇ ਕਰੋੜਾਂ ਰੁਪਏ ਲਾਗਤ ਨਾਲ ਬਣਿਆ ਜਲਘਰ ਡੰਗਰ ਵਾੜਾ ਬਣ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਵਾਟਰ ਵਰਕਸ ਦੀ ਸਥਿਤੀ ਵਿਚ ਸੁਧਾਰ ਕਰਨ ਲਈ ਜਲ ਸਪਲਾਈ ਵਿਭਾਗ ਦੇ ਅਫ਼ਸਰ ਤੱਕ ਵਾਰ ਵਾਰ ਪਹੁੰਚ ਕੀਤੀ ਗਈ ਹੈ ਪਰ ਪਰਨਾਲਾ ਉਥੇ ਦਾ ਉਥੇ ਹੈ। ਪਿੰਡ ਵਾਸੀਆਂ ਨੇ ਵਾਟਰ ਵਰਕਸ ਅੰਦਰ ਕੰਮ ਕਰਦੇ ਪੰਪ ਅਪਰੇਟਰ ਦੀ ਬਦਲੀ ਕਰਨ ਦੀ ਮੰਗ ਵੀ ਕੀਤੀ ਹੈ।
ਐੱਸਡੀਓ ਵੱਲੋਂ ਕਾਰਵਾਈ ਦਾ ਭਰੋਸਾ
ਜਲ ਸਪਲਾਈ ਵਿਭਾਗ ਦੇ ਐੱਸਡੀਓ ਅਸ਼ੋਕ ਕੁਮਾਰ ਨਾਲ ਜਦੋਂ ਇਸ ਮਾਮਲੇ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਲਘਰ ਦੀ ਸਮੱਸਿਆ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਜਲਘਰ ਦੇ ਮੁਲਾਜ਼ਮਾਂ ਪ੍ਰਤੀ ਜੋ ਸ਼ਿਕਾਇਤ ਹੈ ਉਹ ਲਿਖਤੀ ਭੇਜੀ ਜਾਵੇ ਤਾਂ ਜੋ ਯੋਗ ਕਾਰਵਾਈ ਕੀਤੀ ਜਾ ਸਕੇ।