ਪਰਮਜੀਤ ਸਿੰਘ
ਫਾਜ਼ਿਲਕਾ, 24 ਨਵੰਬਰ
ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਤੀਹ ਜਥੇਬੰਦੀਆਂ ਅਤੇ ਕਿਸਾਨ ਮਹਾਸੰਘ ਦੇ ਸੱਦੇ ’ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕਿਸਾਨ ਟਰੈਕਟਰ, ਵਾਟਰ ਪਰੂਫ ਟਰਾਲੀਆਂ, ਰਾਸ਼ਨ ਲੈ ਕੇ ਦਿੱਲੀ ਲਈ ਰਵਾਨਾ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਕਿਯੂ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਪਰਗਟ ਸਿੰਘ ਨੇ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨ ਦੋ ਮਹੀਨਿਆਂ ਤੋਂ ਸੜਕਾਂ ’ਤੇ ਬੈਠੇ ਹਨ ਪਰ ਮੋਦੀ ਸਰਕਾਰ ਆਪਣਾ ਤਾਨਾਸ਼ਾਹੀ ਫੈਸਲਾ ਵਾਪਸ ਨਾ ਲੈਣ ’ਤੇ ਅੜੀ ਹੋਈ ਹੈ। ਉਨ੍ਹਾਂ ਆਖਿਆ ਕਿ ਉਹ ਅਣਮਿੱਥੇ ਸਮੇਂ ਲਈ ਦਿੱਲੀ ਵਿੱਚ ਪੱਕੇ ਮੋਰਚੇ ਲਾਉਣਗੇ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਮੋਦੀ ਸਰਕਾਰ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀ ਹੈ ਅਤੇ ਪੰਜਾਬ ’ਚ ਯੂਰੀਆ ਦੀ ਕਿੱਲਤ ਹੋਣ ਕਾਰਨ ਪੰਜਾਬ ਦੇ ਕਿਸਾਨਾਂ ਵੱਲੋਂ ਹਰਿਆਣਾ ਤੋਂ ਯੂਰੀਆ ਖਾਦ ਲਿਆਉਣ ਤੇ ਕਿਸਾਨਾਂ ਤੇ ਪਰਚੇ ਕਰਨੇ ਭਾਜਪਾ ਦੀ ਬੇਹੱਦ ਘਟੀਆ ਹਰਕਤ ਹੈ। ਇਸ ਮੌਕੇ ਲਖਵਿੰਦਰ ਸਿੰਘ ਜਿਲ੍ਹਾ ਜਰਨਲ ਸਕੱਤਰ, ਗੁਰਚਰਨ ਸਿੰਘ ਜਿਲ੍ਹਾ ਮੀਤ ਪ੍ਰਧਾਨ, ਗੁਰਮੇਲ ਸਿੰਘ ਬਲਾਕ ਪ੍ਰਧਾਨ ਅਰਨੀਵਾਲਾ, ਅਮਨਜੋਤ ਸਿੰਘ ਬਲਾਕ ਪ੍ਰਧਾਨ ਜਲਾਲਾਬਾਦ, ਸੁਖਬੀਰ ਸਿੰਘ ਬਲਾਕ ਪ੍ਰਧਾਨ ਖੂਈਆਂ ਸਰਵਰ ਤੋਂ ਇਲਾਵਾ ਹੋਰ ਵੀ ਕਿਸਾਨ ਮੌਜੂਦ ਸਨ।
ਦੋਦਾ (ਜਸਵੀਰ ਸਿੰਘ ਭੁੱਲਰ): ਸੂਬੇ ਦੀਆਂ ਸਮੂਹ 30 ਕਿਸਾਨ ਜਥੇਬੰਦੀਆਂ ਨੇ ਅੱਜ ਮੋਦੀ ਸਰਕਾਰ ਵੱਲੋਂ ਕਿਸਾਨਾਂ ਖ਼ਿਲਾਫ਼ ਲਿਆਂਦੇ 3 ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਵੱਲ ਬੜੇ ਉਤਸ਼ਾਹ ਨਾਲ ਚਾਲੇ ਪਾ ਦਿੱਤੇ। ਬੀਕੇਯੂ ਏਕਤਾ ਸਿੱਧੂਪੁਰ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬੂੜਾ ਗੁੱਜਰ, ਨਿਰਮਲ ਸਿੰਘ ਜੱਸੇਆਣਾ, ਬਰੀਵਾਲਾ ਬਲਾਕ ਦੇ ਪ੍ਰਧਾਨ ਖੁਸ਼ਵੰਤ ਸਿੰਘ ਅਤੇ ਬਲਾਕ ਦੋਦਾ ਦੇ ਪ੍ਰਧਾਨ ਸੁਖਚੈਨ ਸਿੰਘ ਆਸਾ ਬੁੱਟਰ ਤੇ ਕਰਨ ਭੁੱਟੀਵਾਲਾ ਸਮੇਤ ਹੋਰਨਾਂ ਆਗੂਆਂ ਦੀ ਆਗਵਾਈ ਹੇਠ 80 ਟਰੈਕਟਰ ਟਰਾਲੀਆਂ ਅਤੇ ਹੋਰ ਸਾਧਨਾਂ ਰਾਹੀਂ ਕਈ ਸੈਂਕੜਿਆਂ ਦੀ ਗਿਣਤੀ ਵਿਚ 26-27 ਨੂੰ ਦਿੱਲੀ ਰੋਸ ਧਰਨੇ ਲਈ ਵੱਡੀ ਮਾਤਰਾ ਵਿਚ ਲੰਗਰ ਲਈ ਰਾਸ਼ਨ ਅਤੇ ਹੋਰ ਸਾਜ਼ੋ ਸਾਮਾਨ ਲੈ ਕੇ ਪਿੰਡ ਲੁਹਾਰਾ ਵਿੱਚ ਇਕੱਠੇ ਹੋ ਕੇ ਕਾਫਲੇ ਦੇ ਰੂਪ ਵਿਚ ਚੱਲੇ। ਸਮੂਹ ਕਿਸਾਨਾਂ ਦੇ ਕਾਨੂੰਨ ਰੱਦ ਕਰਵਾਉਣ ਲਈ ਇਰਾਦੇ ਦ੍ਰਿੜ੍ਹ ਨਜ਼ਰ ਆ ਰਹੇ ਸਨ। ਆਗੂਆਂ ਨੇ ਕਿਹਾ ਕਿ ਜੇਕਰ ਹਰਿਆਣਾ ਜਾਂ ਦਿੱਲੀ ਸਰਕਾਰ ਸਾਨੂੰ ਰਸਤੇ ਵਿਚ ਰੋਕਣ ਦੀ ਕੋਸ਼ਿਸ਼ ਕਰੇਗੀ ਤਾਂ ਸ਼ਾਂਤਮਈ ਰੋਸ ਵਜੋਂ ਸੜਕ ਉਤੇ ਮੋਰਚੇ ਲਾ ਕੇ ਹਾਈਵੇਅ ਜਾਮ ਕਰ ਦੇਣਗੇ ਜਿਸ ਦੀ ਸਮੁੱਚੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ।
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ 26 ਅਤੇ 27 ਨਵੰਬਰ ਦੇ ਦਿੱਲੀ ਘਿਰਾਓ ਲਈ ਚਾਲੇ ਪਾ ਦਿੱਤੇ ਹਨ। ਪਿੰਡ ਲਹਿਰਾ ਮੁਹੱਬਤ ਤੋਂ ਕਿਸਾਨਾਂ ਨਾਲ ਭਰੀਆਂ ਚਾਰ ਟਰਾਲੀਆਂ ਰਵਾਨਾ ਹੋ ਚੁੱਕੀਆਂ ਹਨ। ਇਸ ਮੌਕੇ ਬਲਾਕ ਖਜ਼ਾਨਚੀ ਬਲਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਲਹਿਰਾ ਮੁਹੱਬਤ ਤੋਂ ਇਲਾਵਾ ਇਲਾਕੇ ਦੇ ਵੱਖ ਵੱਖ ਪਿੰਡਾਂ ਤੋਂ ਕਿਸਾਨਾਂ ਨੇ ਰਵਾਨਗੀ ਪਾ ਦਿੱਤੀ ਹੈ। ਕਿਸਾਨਾਂ ਨੇ ਖਾਣ ਪੀਣ ਅਤੇ ਹੋਰ ਲੋੜੀਂਦਾ ਸਾਮਾਨ ਨਾਲ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਦਿੱਲੀ ਦੀ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲਈ ਚੱਲੇ ਹਨ ਅਤੇ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਵਾਪਸ ਨਹੀਂ ਮੁੜਣਗੇ। ਇਸ ਦਿੱਲੀ ਕੂਚ ਦੀ ਅਗਵਾਈ ਜ਼ਿਲ੍ਹਾ ਪ੍ਰਚਾਰ ਸਕੱਤਰ ਗੁਰਮੇਲ ਸਿੰਘ, ਪਿੰਡ ਇਕਾਈ ਪ੍ਰਧਾਨ ਕੁਲਵੰਤ ਸਿੰਘ, ਮੀਤ ਪ੍ਰਧਾਨ ਪੁਸਪਿੰਦਰ ਸਿੰਘ ਅਤੇ ਪ੍ਰੈਸ ਸਕੱਤਰ ਜਗਜੀਤ ਸਿੰਘ ਕਰ ਰਹੇ ਸਨ।
ਮੋਟਰਸਾਈਕਲ ਮਾਰਚ ਰਾਹੀਂ ‘ਦਿੱਲੀ ਚੱਲੋ’ ਦਾ ਸੱਦਾ
ਟੱਲੇਵਾਲ (ਲਖਵੀਰ ਸਿੰਘ ਚੀਮਾ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਕਿਸਾਨਾਂ ਅਤੇ ਨੌਜਵਾਨਾਂ ਵਲੋਂ ਪਿੰਡ ਟੱਲੇਵਾਲ ਵਿਖੇ ਮੋਟਰਸਾਈਕਲ ਮਾਰਚ ਕੱਢ ਕੇ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਜਾਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਮਾਸਟਰ ਰਣਜੀਤ ਸਿੰਘ, ਜਰਨੈਲ ਸਿੰਘ ਅਤੇ ਕਲੱਬ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਬਣਾਏ ਗਏ ਖੇਤੀ ਕਾਨੂੰਨ ਪੰਜਾਬ ਦੀ ਖੇਤੀ ਅਤੇ ਕਿਸਾਨੀ ਨੂੰ ਉਜਾੜਨ ਵਾਲੇ ਹਨ ਜਿਸ ਲਈ ਲਗਾਤਾਰ ਪਿਛਲੇ 2 ਮਹੀਨਿਆਂ ਤੋਂ ਪੰਜਾਬ ਦੇ ਕਿਸਾਨ ਧਰਨੇ ਮੁਜ਼ਾਹਰੇ ਕਰਕੇ ਵਿਰੋਧ ਜਤਾ ਰਹੇ ਹਨ। ਪਰ ਕੇਂਦਰ ਸਰਕਾਰ ਵਲੋਂ ਟੱਸ ਤੋਂ ਮੱਸ ਨਾ ਹੋਣ ਕਾਰਨ ਦੇਸ਼ ਭਰ ਦੀਆਂ ਕਿਸਾਨ ਜੱਥੇਬੰਦੀਆਂ ਵਲੋਂ ਦਿੱਲੀ ਘੇਰਨ ਦਾ ਸੱਦਾ ਦਿੱਤਾ ਗਿਆ ਹੈ। 26 ਅਤੇ 27 ਨਵੰਬਰ ਨੂੰ ਦੇਸ਼ ਭਰ ਤੋਂ ਕਿਸਾਨ ਦਿੱਲੀ ਘੇਰਨ ਜਾ ਰਹੇ ਹਨ। ਇਸ ਮੌਕੇ ਤਾਰੂ ਸਿੰਘ, ਨੇਕ ਸਿੰਘ, ਜਗਸੀਰ ਸਿੰਘ, ਲਖਵਿੰਦਰ ਸਿੰਘ, ਅਮਨਦੀਪ ਸਿੰਘ, ਜੱਗਾ ਸਿੰਘ, ਗੋਰਾ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ, ਰਾਜਾ ਸਿੰਘ, ਹਰਦੀਪ ਸਿੰਘ ਤੇ ਹੋਰ ਕਿਸਾਨ ਅਤੇ ਨੌਜਵਾਨ ਵੀ ਹਾਜ਼ਰ ਸਨ।
ਦਿੱਲੀ ਜਾਣ ਤੋਂ ਪਹਿਲਾਂ ਪੁਲੀਸ ਨੇ ਕਈ ਕਿਸਾਨ ਆਗੂ ਚੁੱਕੇ
ਸਿਰਸਾ (ਪ੍ਰਭੂ ਦਿਆਲ): ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ 26 ਤੇ 27 ਨਵੰਬਰ ਨੂੰ ਦਿੱਲੀ ਚਲੋ ਪ੍ਰੋਗਰਾਮ ਦੀਆਂ ਕਿਸਾਨਾਂ ਵੱਲੋਂ ਜਿਥੇ ਜੰਗੀ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਪੁਲੀਸ ਵੱਲੋਂ ਕਿਸਾਨ ਨੇਤਾਵਾਂ ਨੂੰ ਗ੍ਰਿਫ਼ਤਾਰ ਕਰਨ ਸ਼ੁਰੂ ਕਰ ਦਿੱਤਾ ਹੈ। ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਪੱਕੇ ਮੋਰਚੇ ਤਹਿਤ ਦਿੱਤੇ ਜਾ ਰਹੇ ਧਰਨੇ ’ਤੇ ਲੰਘੀ ਦੇਰ ਰਾਤ ਹਰਿਆਣਾ ਕਿਸਾਨ ਮੰਚ ਦੇ ਆਗੂ ਪ੍ਰਹਿਲਾਦ ਸਿੰਘ ਭਾਰੂ ਖੇੜਾ ਤੇ ਕਈ ਹੋਰ ਨੇਤਾਵਾਂ ਨੂੰ ਪੁਲੀਸ ਨੇ ਚੁੱਕ ਲਿਆ ਹੈ। ਪੁਲੀਸ ਵੱਲੋਂ ਕਿਸਾਨ ਨੇਤਾਵਾਂ ਦੀ ਫੜੋ-ਫੜੀ ਕੀਤੇ ਜਾਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਹ ਪੈਦਾ ਹੋ ਗਿਆ ਹੈ। ਗ੍ਰਿਫ਼ਤਾਰੀਆਂ ਦੇ ਖ਼ਿਲਾਫ਼ ਕਿਸਾਨਾਂ ਨੇ ਹਰਿਆਣਾ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਹੈ। ਕਰਮਚਾਰੀ ਜਥੇਬੰਦੀਆਂ ਕਿਸਾਨਾਂ ਦੀ ਹਮਾਇਤ ਵਿੱਚ ਆ ਗਈਆਂ ਹਨ। ਹਰਿਆਣਾ ਰੋਡਵੇਜ਼ ਤਾਲਮੇਲ ਕਮੇਟੀ ਨੇ ਕਿਸਾਨਾਂ ਦੀ ਗ੍ਰਿਫ਼ਤਾਰੀ ਦੇ ਖ਼ਿਲਾਫ਼ ਗੇਟ ਮੀਟਿੰਗ ਕਰਕੇ ਦੋ ਘੰਟਿਆਂ ਲਈ ਮਜ਼ਾਹਰਾ ਕੀਤਾ। ਕਿਸਾਨਾਂ ਨੇ ਦੱਸਿਆ ਹੈ ਕਿ ਲੰਘੀ ਦੇਰ ਰਾਤ ਪੁਲੀਸ ਵੱਲੋਂ ਧਰਨੇ ’ਤੇ ਸੁੱਤੇ ਕਿਸਾਨ ਆਗੂ ਪ੍ਰਹਿਲਾਦ ਸਿੰਘ ਭਾਰੂਖੇੜਾ ਨੂੰ ਜ਼ਬਰਦਸਤੀ ਪੁਲੀਸ ਚੁੱਕ ਕੇ ਲੈ ਗਈ ਹੈ। ਕਿਸਾਨਾਂ ਨੇ ਦੱਸਿਆ ਹੈ ਕਿ ਕਿਸਾਨ ਨੇਤਾ ਮਨਦੀਪ ਨਥਵਾਨ ਦੇ ਘਰ ਵੀ ਅੱਧੀ ਰਾਤ ਨੂੰ ਪੁਲੀਸ ਨੇ ਕੰਧਾ ਟੱਪ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਐਸਪੀ ਸਿੰਘ ਮਸੀਤਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਕਿਸਾਨ ਸਭਾ ਦੇ ਆਗੂ ਸੁਵਰਨ ਸਿੰਘ ਵਿਰਕ ਨੇ ਦੱਸਿਆ ਹੈ ਕਿ ਸਿਰਸਾ, ਫਤਿਹਾਬਾਦ, ਕਰਨਾਲ, ਝੱਜਰ ਆਦਿ ਤੋਂ ਪੁਲੀਸ ਦਬਾ ਦਬ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ। ਕਿਸਾਨ ਆਗੂੂਆਂ ਦੇ ਘਰਾਂ ’ਚ ਛਾਪੇ ਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੁਲੀਸ ਜਿੰਨਾ ਮਰਜੀ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਲਵੇ ਪਰ ਕਿਸਾਨ ਦਿੱਲੀ ਜ਼ਰੂਰ ਜਾਣਗੇ।
ਸੁੱਤੇ ਪਏ ਕਿਸਾਨਾਂ ਨੂੰ ਚੁੱਕਣ ਦਾ ਵਿਰੋਧ
ਕੋਟਕਪੂਰਾ (ਨਿੱਜੀ ਪੱਤਰ ਪੇ੍ਰਕ): ਭਾਜਪਾ ਆਗੂ ਸ਼੍ਰੀਮਤੀ ਸੁਨੀਤਾ ਗਰਗ ਦੀ ਰਿਹਾਇਸ਼ ਅੱਗੇ ਪਿਛਲੇ 54 ਦਿਨਾਂ ਤੋਂ ਚੱਲ ਰਹੇ ਧਰਨੇ ’ਤੇ ਬੈਠੇ ਕਿਸਾਨਾਂ ਅੰਦਰ ‘ਦਿੱਲੀ ਚੱਲੋ’ ਮੁਹਿੰਮ ਦਾ ਕਾਫੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਕਿਸਾਨ ਵਹੀਰਾਂ ਘੱਤ ਕੇ ਦਿੱਲੀ ਚੱਲਣ ਦੀਆਂ ਤਿਆਰੀ ਕਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਵਿੱਤ ਸਕੱਤਰ ਤਾਰਾ ਸਿੰਘ ਰੋੜੀ ਕਪੂਰਾ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਜਬਰੀ ਕਿਸਾਨਾਂ ਨੂੰ ਹਿਰਾਸਤ ਵਿਚ ਲੈਣ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ। ਕਿਸਾਨ ਆਗੂ ਬਸੰਤ ਸਿੰਘ ਰੋੜੀਕਪੂਰਾ, ਭੋਲਾ ਸਿੰਘ ਜੈਤੋ ਨੇ ਆਖਿਆ ਕਿ ਹਰਿਆਣਾ ਸਰਕਾਰ ਇਹ ਕਾਰਵਾਈ ਮੋਦੀ ਸਰਕਾਰ ਦੇ ਤਬੂਤਾਂ ਵਿਚ ਆਖਰੀ ਕਿੱਲ ਸਾਬਤ ਹੋਵੇਗੀ।