ਪਵਨ ਗੋਇਲ
ਭੁੱਚੋ ਮੰਡੀ, 5 ਦਸੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਖੇਤੀ ਕਾਨੂੰਨ ਰੱਦ ਕਰਨ ਦੇ ਮਾਮਲੇ ਵਿੱਚ ਮੋਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਟਾਲ ਮਟੋਲ ਦੀ ਨੀਤੀ ਵਿਰੁੱਧ ਅੱਜ ਪਿੰਡ ਚੱਕ ਫ਼ਤਿਹ ਸਿੰਘ ਵਾਲਾ, ਭੁੱਚੋ ਖੁਰਦ, ਬੈਸਟ ਪ੍ਰਾਈਜ਼ ਮਾਲ ਅਤੇ ਲਹਿਰਾ ਬੇਗਾ ਟੌਲ ਪਲਾਜ਼ਾ ਮੋਰਚੇ ਵਿੱਚ ਅਰਥੀ ਫੂਕ ਮੁਜ਼ਾਹਰੇ ਕੀਤੇ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂ ਸਿਮਰਜੀਤ ਸਿੰਘ, ਭੀਮ ਸਿੰਘ, ਕਾਲਾ ਸਿੰਘ, ਹਰਮੇਲ ਸਿੰਘ ਅਤੇ ਕਿਸਾਨ ਔਰਤਾਂ ਹਾਜ਼ਰ ਸਨ। ਇਸੇ ਦੌਰਾਨ ਅੱਜ ਸਬ ਡਿਵੀਜ਼ਨ ਭੁੱਚੋ ਕਲਾਂ ਦੇ ਬਿਜਲੀ ਮੁਲਾਜ਼ਮਾਂ ਦੀ ਸਾਂਝੀ ਤਾਲਮੇਲ ਕਮੇਟੀ, ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਝੰਡੇ ਹੇਠ ਐਂਪਲਾਈਜ਼ ਫੈਡਰੇਸ਼ਨ, ਟੀਐੱਸਯੂ ਅਤੇ ਐਂਪਲਾਈਜ਼ ਯੂਨੀਅਨ ਵੱਲੋਂ ਮੋਦੀ ਸਰਕਾਰ, ਅੰਬਾਨੀ ਅਤੇ ਅੰਡਾਨੀ ਦੇ ਪੁਤਲੇ ਫੂਕੇ ਗਏ।
ਮਾਨਸਾ (ਜੋਗਿੰਦਰ ਸਿੰਘ ਮਾਨ): ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਵਿੱਚ ਸੰਘਰਸ਼ ਕਰ ਰਹੀਆਂ ਦੇਸ਼ ਦੀਆਂ ਕਿਸਾਨ ਯੂਨੀਅਨਾਂ ਵੱਲੋਂ ਦਿੱਤੇ ਸੱਦੇ ਦੇ ਸਮਰਥਨ ਵਿੱਚ ਪਿੰਡ ਉੱਭਾ ਸਮੇਤ ਲਗਭਗ ਅੱਧੀ ਦਰਜਨ ਪਿੰਡਾਂ ਵਿੱਚ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਮਜ਼ਦੂਰਾਂ ਵੱਲੋਂ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ ਅਤੇ 8 ਦਸੰਬਰ ਦੇ ਭਾਰਤ ਬੰਦ ਦੀ ਵੀ ਹਮਾਇਤ ਦਾ ਐਲਾਨ ਕੀਤਾ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਨੇ ਕਿਹਾ ਕਿ ‘ਸਭ ਦਾ ਸਾਥ ਤੇ ਸਭ ਵਿਕਾਸ’ ਦਾ ਨਾਅਰਾ ਮਾਰਨ ਵਾਲਾ ਮੋਦੀ ਅੱਜ ਸੱਤਾ ਦੇ ਨਸ਼ੇ ਵਿੱਚ ਹੰਕਾਰੀ ਰਾਜਾ ਬਣ ਕੇ ਗਰੀਬਾਂ ਨੂੰ ਕੁਚਲਣਾ ਚਾਹੁੰਦਾ ਹੈ।
ਸੰਗਤ ਮੰਡੀ (ਧਰਮਪਾਲ ਸਿੰਘ ਤੂਰ): ਅੱਜ ਸੰਗਤ ਬਲਾਕ ਦੇ ਪਿੰਡਾਂ ਘੁੱਦਾ, ਕੋਟਗੁਰੂ, ਪਥਰਾਲਾ, ਕਾਲਝਰਾਣੀ, ਭਗਵਾਨਗੜ੍ਹ, ਜੰਡੀਆਂ, ਰਾਏਕੇ ਕਲਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ ਗਈਆਂ।
ਰੂੜੇਕੇ ਕਲਾਂ (ਅੰਮ੍ਰਿਤਪਾਲ ਸਿੰਘ ਧਾਲੀਵਾਲ): ਅੱਜ ਇੱਥੇ ਬਰਨਾਲਾ-ਮਾਨਸਾ ਰੋਡ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਕਾਰਪੋਰੇਟਾਂ ਦੀਆਂ ਅਰਥੀਆਂ ਸਾੜਨ ਵੇਲੇ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਵੀ ਲਪੇਟ ਲਿਆ। ਇਸ ਮੌਕੇ ਕਿਸਾਨ ਆਗੂ ਜਗਸੀਰ ਸਿੰਘ ਕਾਲਾ ਤੇ ਮਨਪ੍ਰੀਤ ਸਿੰਘ ਨੇ ਕਿਹਾ ਕਿ ਲੋਕ ਰੋਹ ਤੋਂ ਘਬਰਾਈ ਕੇਂਦਰ ਦੀ ਮੋਦੀ ਸਰਕਾਰ ਕੋਲ ਹੁਣ ਕਾਨੂੰਨ ਵਾਪਸ ਲੈਣ ਤੋਂ ਬਿਨਾਂ ਕੋਈ ਚਾਰਾ ਨਾ ਬਚਿਆ ਹੋਣ ਕਰਕੇ ਕੰਗਨਾ ਰਣੌਤ ਵਰਗੀਆਂ ਔਰਤਾਂ ਤੋਂ ਸਾਡੀਆਂ ਮਾਵਾਂ ਪ੍ਰਤੀ ਮਾੜੇ ਸ਼ਬਦ ਬੁਲਾਏ ਜਾ ਰਹੇ ਹਨ।
ਝੁਨੀਰ (ਜੀਵਨ ਕ੍ਰਾਂਤੀ): ਕਸਬਾ ਝੁਨੀਰ ਵਿਚ ਪੰਜਾਬ ਕਿਸਾਨ ਯੂਨੀਅਨ ਵੱਲੋਂ ਮੋਦੀ ਸਰਕਾਰ ਦੀ ਅਰਥੀ ਸਾੜੀ ਗਈ| ਇਸ ਮੌਕੇ ਲਬਿਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਰਾਣਾ, ਏਕਟੂ ਦੇ ਗੁਰਜੰਟ ਸਿੰਘ ਮਾਨਸਾ ਤੇ ਨੰਦਗੜ੍ਹ ਦੇ ਸਰਪੰਚ ਗੁਰਮੀਤ ਸਿੰਘ ਸਣੇ ਹੋਰਨਾਂ ਨੇ ਸੰਬੋੋਧਨ ਕੀਤਾ।
ਭਾਈਰੂਪਾ (ਅਵਤਾਰ ਸਿੰਘ ਧਾਲੀਵਾਲ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਮੇਨ ਚੌਕ ਭਾਈਰੂਪਾ ਵਿੱਚ ਮੋਦੀ ਸਰਕਾਰ ਦੀ ਅਰਥੀ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਨਾਹਰ ਸਿੰਘ ਭਾਈਰੂਪਾ, ਮਨਜੀਤ ਸਿੰਘ ਮੀਤਾ, ਹਰਮੇਲ ਸਿੰਘ ਜੱਗੂ ਤੇ ਸੂਰੈਣ ਸਿੰਘ ਨੇ ਸੰਬੋਧਨ ਕੀਤਾ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਬਲਾਕ ਸ਼ਹਿਣਾ ਦੇ ਪਿੰਡ ਈਸ਼ਰ ਸਿੰਘ ਵਾਲਾ ਵਿੱਚ ਖੇਤੀ ਕਾਨੂੰਨਾਂ ਖਿਲਾਫ਼ ਰੋਸ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ।ਗੁਰਮੀਤ ਸਿੰਘ ਮਾਨ, ਨਿਰੰਜਣ ਸਿੰਘ ਤੇ ਮਹਿਲਾ ਵਿੰਗ ਦੀ ਪ੍ਰਧਾਨ ਹਰਜਿੰਦਰ ਕੌਰ ਤੋਂ ਇਲਾਵਾ ਹੋਰ ਕਿਸਾਨ ਮੌਜੂਦ ਸਨ।
ਲੰਬੀ (ਇਕਬਾਲ ਸਿੰਘ ਸ਼ਾਂਤ); ਜਨਤਕ ਜਥੇਬੰਦੀਆਂ ’ਤੇ ਆਧਰਿਤ ਕਿਸਾਨ ਸੰਘਰਸ਼ ਸਮਰਥਨ ਕਮੇਟੀ ਨੇ ਕੌਮੀ ਸੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅੰਬਾਨੀ-ਅਡਾਨੀ ਦਾ ਪੁਤਲਾ ਫੂਕਿਆ। ਇਸ ਤੋਂ ਪਹਿਲਾਂ ਕਿਸਾਨ ਸੰਘਰਸ਼ ਅਤੇ ਡਟੇ ਲੋਕਾਂ ਦੇ ਸਮਰਥਨ ਵਿੱਚ ਲੰਬੀ ’ਚ ਬਿਜਲੀ ਘਰ ਤੋਂ ਲੈ ਕੇ ਬੱਸ ਅੱਡੇ ਤੱਕ ਰੋਸ ਭਰਪੂਰ ਮਾਰਚ ਕੀਤਾ ਗਿਆ।
ਕੋਟਕਪੂਰਾ (ਟਨਸ): ਅੱਜ ਇਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਕੇਂਦਰ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਤੇ ਤਿੱਖੀ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਸੰਗਠਨਾਂ ਨੇ 8 ਦਸੰਬਰ ਦੀ ਦੇਸ਼ ਪੱਧਰੀ ਹੜਤਾਲ ਦਾ ਸਮਰਥਨ ਕਰਦਿਆਂ ਇਸ ਨੂੰ ਸਫਲ ਬਣਾਉਣ ਦਾ ਐਲਾਨ ਕੀਤਾ। ਕਿਸਾਨ ਯੂਨੀਅਨਾਂ ਨੇ ਸੀਨੀਅਰ ਭਾਜਪਾ ਆਗੂ ਸੁਨੀਤਾ ਗਰਗ ਦੀ ਰਿਹਾਇਸ਼ ਅਤੇ ਮੋਗਾ ਰੋਡ ‘ਤੇ ਪ੍ਰਦਰਸ਼ਨ ਕਰਕੇ ਇਨ੍ਹਾਂ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਇਥੇ ਕਿਸਾਨ ਜਥੇਬੰਦੀਆਂ ਵਲੋਂ ਵੱਖ-ਵੱਖ ਥਾਈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅੰਬਾਨੀ ਤੇ ਅਡਾਨੀ ਤੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਮਾਹਮੂਜੋਈਆ ਟੋਲ ਪਲਾਜ਼ਾ, ਤਿਰਪਾਲਕੇ ਤੇ ਢਾਬ ਘੜਿਆਲ ਨਜ਼ਦੀਕ ਕਿਸਾਨ ਜਥੇਬੰਦੀਆਂ ਨੇ ਮੋਦੀ ਦਾ ਪੁਤਲਾ ਫੂਕਿਆ।
ਸਰਦੂਲਗੜ੍ਹ (ਬਲਜੀਤ ਸਿੰਘ): ਇਥੇ ਸਰਦੂਲਗੜ੍ਹ ਬੱਸ ਸਟੈਂਡ ਕੋਲ ਸ਼ਹੀਦ ਭਗਤ ਸਿੰਘ ਚੌਕ ਵਿੱਚ ਸਮੁੱਚੀਆਂ ਕਿਸਾਨ, ਮਜ਼ਦੂਰ , ਨੌਜਵਾਨ, ਵਿਦਿਆਰਥੀ ਜਥੇਬੰਦੀਆਂ ਵਲੋਂ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੀਆਂ ਅਰਥੀਆਂ ਸਾੜੀਆਂ ਗਈਆਂ।
ਮੰਡੀ ਲੱਖੇਵਾਲੀ (ਜਸਪ੍ਰੀਤ ਸੇਖੋਂ): ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਚੱਲ ਰਹੇ ਕਿਸਾਨੀ ਘੋਲ ਦੀ ਹਮਾਇਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ , ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਹਰਫੂਲ ਸਿੰਘ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਭਾਗਸਰ ਨੇ ਸੰਬੋਧਨ ਕੀਤਾ।
ਬਰੇਟਾ (ਸੱਤ ਪ੍ਰਕਾਸ਼ ਸਿੰਗਲਾ): ਇਥੇ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਧਰਨੇ ਤੋਂ ਸਮੂਹ ਕਿਸਾਨ ਜਥੇਬੰਦੀਆਂ ਨੇ ਮੋਦੀ ਸਰਕਾਰ ਦੀ ਅਰਥੀ ਲਿਜਾ ਕੇ ਕ੍ਰਿਸ਼ਨਾ ਮੰਦਰ ਚੌਕ ਵਿਚ ਸਾੜੀ। ਇਸ ਮੌਕੇ ਬੁਲਾਰਿਆਂ ਵਿੱਚ ਬੱਬੂ ਕੁਲਰੀਆ, ਜਗਰੂਪ ਸਿੰਘ, ਸੁਭਮ ਤੇ ਖੇਮ ਚੰਦ ਸਣੇ ਹੋਰ ਕਈ ਆਗੂ ਮੌਜੂਦ ਸਨ।
ਜ਼ੀਰਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਭਾਗ ਸਿੰਘ ਮਰਖਾਈ ਦੀ ਪ੍ਰਧਾਨਗੀ ਹੇਠ ਪਿੰਡ ਰਟੌਲ ਰੋਹੀ ਵਿੱਚ ਮੋਦੀ ਸਰਕਾਰ, ਅੰਬਾਨੀ ਅਤੇ ਅਡਾਨੀ ਦੇ ਪੁਤਲੇ ਫੂਕ ਕੇ ਪਿੱਟ ਸਿਆਪਾ ਕੀਤਾ ਗਿਆ।
ਸਿਰਸਾ (ਪ੍ਰਭੂ ਦਿਆਲ): ਸ਼ਹੀਦ ਭਗਤ ਸਿੰਘ ਸਟੇਡੀਅਮ ‘ਚ ਲਾਏ ਗਏ ਪੱਕੇ ਮੋਰਚੇ ਅਤੇ ਧਰਨੇ ਵਿੱਚ ਅੱਜ ਦੁਪਹਿਰ ਬਾਅਦ ਇਕੱਠੇ ਹੋਏ ਕਿਸਾਨ ਰੋਸ ਮੁਜ਼ਾਹਰਾ ਕਰਦਿਆਂ ਬਾਬਾ ਭੂਮਣ ਸ਼ਾਹ ਚੌਕ ਪੁੱਜੇ, ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜੋਟੀਦਾਰਾਂ ਦੇ ਪੁਤਲੇ ਸਾੜੇ ਗਏ। ਇਸ ਮੌਕੇ ਮੁਜ਼ਾਹਰੇ ਨੂੰ ਸੀਨੀਅਰ ਕਿਸਾਨ ਆਗੂ ਸਵਰਨ ਸਿੰਘ ਵਿਰਕ ਨੇ ਸੰਬੋਧਨ ਕੀਤਾ।
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਭਗਤਾ ਭਾਈ ਦੇ ਮੁੱਖ ਚੌਕ ਵਿਚ ਕਿਸਾਨ ਜਥੇਬੰਦੀਆਂ ਅਤੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਕਾਰਕੁਨਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਅਤੇ ਦੁਕਾਨਦਾਰਾਂ ਨੇ ਮੋਦੀ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਬੀਕੇਯੂ (ਉਗਰਾਹਾਂ) ਦੇ ਆਗੂ ਸੁਖਜੀਤ ਸਿੰਘ ਕੋਠਾਗੁਰੂ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।
ਨਥਾਣਾ (ਭਗਵਾਨ ਦਾਸ ਗਰਗ): ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪਿੰਡ ਕਲਿਆਣ ਮੱਲਕਾ ਵਿੱਚ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਅੰਬਾਨੀ ਤੇ ਅਡਾਨੀ ਦੇ ਪੁਤਲੇ ਫੂਕੇ ਗਏ। ਇਸ ਮੌਕੇ ਅੰਗਰੇਜ ਸਿੰਘ ਨੇ 8 ਦਸੰਬਰ ਦੇ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਸੱਦਾ ਦਿੱਤਾ।
ਗੋਨਿਆਣਾ ਮੰਡੀ (ਮਨੋਜ ਸ਼ਰਮਾ): ਭਾਰਤੀ ਕਿਸਾਨ ਯੂਨੀਅਨ ਏਕਤਾਂ ਉਗਰਾਹਾਂ, ਪੈਨਸ਼ਨਰ ਐਸੋਸੀਏਸ਼ਨ ਬਲਾਕ ਬਠਿੰਡਾ, ਬੀਕੇਯੂ ਮਾਨਸਾ, ਬੀਕੇਯੂ ਡਕੌਂਦਾ, ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਗੋਨਿਆਣਾ ਬਲਾਕ ਦੇ ਪਿੰਡ ਮਹਿਮਾ ਸਰਜਾ ਵਿੱਚ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ਼ ਮੀਟਿੰਗ ਕੀਤੀ ਗਈ। ਇਸ ਦੌਰਾਨ ਪਿੰਡ ਮਹਿਮਾ ਸਰਜਾ, ਮਹਿਮਾ ਸਰਕਾਰੀ, ਮਹਿਮਾ ਸਵਾਈ, ਮਹਿਮਾ ਭਗਵਾਨਾ ਸਣੇ ਹੋਰਨਾਂ ਪਿੰਡਾਂ ਵਿਚ ਮੋਟਰਸਾਈਕਲ ਮਾਰਚ ਕੱਢਿਆ ਅਤੇ ਪਿੰਡ ਮਹਿਮਾ ਸਰਜਾ ਦੇ ਬੱਸ ਅੱਡੇ ਚੌਕ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਰਥੀ ਫੂਕੀ।
ਜੋਗਾ (ਸ਼ੰਗਾਰਾ ਸਿੰਘ ਅਕਲੀਆ): ਅੱਜ ਇਲਾਕੇ ਦੇ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀ ਵਰਗ ਦੇ ਸਮੂਹ ਲੋਕਾਂ ਵੱਲੋਂ ਪਿੰਡ ਅਕਲੀਆ ਦੇ ਮੁੱਖ ਬੱਸ-ਸਟੈਂਡ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੂਤਲਾ ਫੂਕਿਆ ਗਿਆ। ਇਸ ਮੌਕੇ ਕਰਮ ਸਿੰਘ ਅਕਲੀਆ, ਮੇਜਰ ਸਿੰਘ ਬਾਗੜੀ, ਸੀਤਾ ਸਿੰਘ ਬਖੋਰੇਵਾਲਾ ਹਾਜ਼ਰ ਸਨ ।