ਪੱਤਰ ਪ੍ਰੇਰਕ
ਮਾਨਸਾ, 6 ਜਨਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਫ਼ਤਹਿ ਹਾਸਲ ਕਰਨ ਤੋਂ ਬਾਅਦ ਹੁਣ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਵੱਲੋਂ ਬਰਨਾਲਾ ਵਿੱਚ ਕੀਤੀ ਜਾ ਰਹੀ ਸੂਬਾ ਪੱਧਰੀ ਜੁਝਾਰ ਰੈਲੀ ਲਈ ਸਾਰੇ ਆਗੂ ਅਤੇ ਮਾਲਵਾ ਖੇਤਰ ਦੀਆਂ ਜ਼ਿਲ੍ਹਾ ਇਕਾਈਆਂ ਪੱਬਾਂ ਭਾਰ ਹੋ ਗਈਆਂ ਹਨ। ਜਥੇਬੰਦੀ ਨੇ ਇਸ ਰੈਲੀ ਲਈ ਵੱਡਾ ਇਕੱਠ ਜਟਾਉਣ ਲਈ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ।
ਇੱਥੇ ਤੇਜਾ ਸਿੰਘ ਸੁਤੰਤਰ ਹਾਲ ਵਿੱਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਵਿੰਦਰ ਸ਼ਰਮਾ ਖਿਆਲਾਂ ਨੇ ਕਿਹਾ ਕਿ ਬਰਨਾਲਾ ਦੀ ਇਸ ਰੈਲੀ ਵਿੱਚ ਲੋਕਾਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ਼ ਵਿੱਢੀ ਗਈ ਜੰਗ ਵਿੱਚ ਪਾਏ ਗਏ ਯੋਗਦਾਨ ਲਈ ਧੰਨਵਾਦ ਕੀਤਾ ਜਾਣਾ ਹੈ। ਜਥੇਬੰਦੀ ਦੇ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਜੁਝਾਰ ਰੈਲੀ ’ਚ ਕਿਸਾਨਾਂ-ਮਜ਼ਦੂਰਾਂ ਸਿਰ ਭਾਰੀ ਹੋ ਰਹੀ ਕਰਜ਼ੇ ਦੀ ਪੰਡ ਖ਼ਤਮ ਕਰਨ ਲਈ ਅਗਲੀ ਰਣਨੀਤੀ ’ਤੇ ਵਿਚਾਰ ਕੀਤੀ ਜਾਵੇਗੀ। ਇਸ ਮੌਕੇ ਮਹਿੰਦਰ ਸਿੰਘ ਭੈਣੀਬਾਘਾ, ਦੇਵੀ ਰਾਮ ਰੰਘੜਿਆਲ, ਕੁਲਵੰਤ ਸਿੰਘ ਸੱਦਾ ਸਿੰਘ ਵਾਲਾ, ਛਿੰਦਰ ਖਿਆਲਾ ਤੇ ਗੁਰਮੇਲ ਚਕੇਰੀਆ ਨੇ ਸੰਬੋਧਨ ਕੀਤਾ।